ਸੜਕ ਦਾ ਨਿਰਮਾਣ ਕਾਰਜ ਸ਼ੁਰੂ
ਸਾਂਸਦ ਡਾ. ਰਾਜ ਬਦਲ ਰਹੇ ਨੇ ਫਗਵਾੜਾ ਦੀਆਂ ਸੜਕਾਂ ਦੀ ਨੁਹਾਰ, ਤੇਜ਼ੀ ਨਾਲ ਹੋ ਰਿਹਾ ਵਿਕਾਸ
Publish Date: Fri, 01 May 2026 10:04 PM (IST)
Updated Date: Fri, 01 May 2026 10:05 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਉਪ ਆਗੂ ਅਤੇ ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸੜਕਾਂ ਦੀ ਨੁਹਾਰ ਬਦਲ ਕੇ ਫਗਵਾੜਾ ਸਬ ਡਵੀਜ਼ਨ ਦਾ ਸਰਬਪੱਖੀ ਵਿਕਾਸ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਐੱਮਪੀ ਡਾ. ਰਾਜ ਨੇ ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਸ੍ਰੀ ਹਰਗੋਬਿੰਦਗੜ੍ਹ ਤੋਂ ਢੱਕ ਪਲਾਹੀ ਨੂੰ ਜਾਣ ਵਾਲੀ ਸੜਕ ਬਣਾਉਣ ਦਾ ਕੰਮ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ ਦੇ ਸੰਤ ਬਾਬਾ ਤਲਵਿੰਦਰ ਸਿੰਘ ਜੀ ਪਰਮੇਸ਼ਰ ਜੀ ਦੀ ਵਿਸ਼ੇਸ਼ ਮੌਜੂਦਗੀ ਵਿੱਚ ਉਨ੍ਹਾਂ ਦੇ ਆਸ਼ੀਰਵਾਦ ਨਾਲ ਸ਼ੁਰੂ ਕਰਵਾਇਆ। ਇਸ ਦੌਰਾਨ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ‘ਆਪ’ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵੀ ਹਾਜ਼ਰ ਸਨ। ਸੰਸਦ ਮੈਂਬਰ ਡਾ. ਰਾਜ ਨੇ ਦੱਸਿਆ ਕਿ 2.75 ਕਿਲੋਮੀਟਰ ਲੰਬੀ ਅਤੇ 18 ਫੁੱਟ ਚੌੜੀ ਬਣਨ ਵਾਲੀ ਇਸ ਸੜਕ ’ਤੇ ਲਗਭਗ 1.57 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਗਵਾੜਾ ਸਬ ਡਵੀਜ਼ਨ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਪੱਖੋਂ ਫਗਵਾੜਾ ਵਿਧਾਨ ਸਭਾ ਹਲਕਾ ਸੂਬੇ ਭਰ ਵਿੱਚੋਂ ਨੰਬਰ-1 ’ਤੇ ਹੋਵੇਗਾ। ਐੱਮਪੀ ਡਾ. ਰਾਜ ਨੇ ਕਿਹਾ ਕਿ ਫਗਵਾੜਾ ਉਨ੍ਹਾਂ ਦੇ ਸੰਸਦੀ ਖੇਤਰ ਦਾ ਸਭ ਤੋਂ ਮਹੱਤਵਪੂਰਨ ਹਲਕਾ ਹੈ, ਜਿੱਥੇ ਪਿਛਲੀਆਂ ਸਰਕਾਰਾਂ ਨੇ ਲੋਕ ਹਿੱਤਾਂ ਲਈ ਕੰਮ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਟੀਚਾ ਮਿੱਥਿਆ ਹੈ ਕਿ ਫਗਵਾੜਾ ਵਿੱਚ ਸ਼ਹਿਰੀ ਅਤੇ ਪੇਂਡੂ ਪੱਧਰ ਤੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਦੇ ਸਾਰੇ ਕਾਰਜ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇ ਰਹੀ। ਫਗਵਾੜਾ ਵਾਸੀਆਂ ਦੀ ਰਾਏ ਲੈਣ ਤੋਂ ਬਾਅਦ ਹੀ ਹਰ ਕੰਮ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਲੇਖਕ ਗੁਰਮੀਤ ਪਲਾਹੀ, ਮਾਰਕਫੈੱਡ ਦੇ ਚੇਅਰਮੈਨ ਜਸਪਾਲ ਸਿੰਘ, ਆਪ ਦੇ ਸੰਗਠਨ ਇੰਚਾਰਜ ਗੁਰਦੀਪ ਦੀਪਾ ਵੀ ਮੌਜੂਦ ਸਨ। ਫਗਵਾੜਾ ’ਚ 18 ਫੁੱਟ ਚੌੜੀਆਂ ਸੜਕਾਂ ਬਣਨਾ ਇਤਿਹਾਸਕ : ਐੱਮਪੀ ਡਾ. ਰਾਜ ਦੀ ਅਣਥੱਕ ਮਿਹਨਤ ਸਦਕਾ ਫਗਵਾੜਾ ਵਿਧਾਨ ਸਭਾ ਹਲਕੇ ਵਿੱਚ ਪਹਿਲੀ ਵਾਰ ਪੇਂਡੂ ਪੱਧਰ ’ਤੇ ਸੜਕਾਂ ਨੂੰ 18 ਫੁੱਟ ਚੌੜਾ ਬਣਾਇਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵੇਲੇ ਇਨ੍ਹਾਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਇਨ੍ਹਾਂ ਦੀ ਹਾਲਤ ਬਹੁਤ ਮਾੜੀ ਸੀ। ਫਗਵਾੜਾ ਲਈ ਇਹ ਇੱਕ ਇਤਿਹਾਸਕ ਕਦਮ ਹੈ। ਬੇਹੱਦ ਮਹੱਤਵਪੂਰਨ ਹੈ ਇਹ ਸੜਕ, ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ : ਜਿਸ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ, ਉਹ ਬਹੁਤ ਅਹਿਮ ਹੈ। ਇਹ ਸੜਕ ਗੁਰਦੁਆਰਾ ਸਾਹਿਬ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ ਅਤੇ ਜੀਐੱਨਏ ਯੂਨੀਵਰਸਿਟੀ ਦੇ ਨਾਲ-ਨਾਲ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।