ਕਾਰ-ਮੋਟਰਸਾਈਕਲ ਦੀ ਟੱਕਰ ’ਚ ਮਾਂ ਦੀ ਮੌਤ, ਪੁੱਤਰ ਜ਼ਖ਼ਮੀ
ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਮਾਂ ਦੀ ਮੋਤ, ਪੁੱਤਰ ਗੰਭੀਰ ਜ਼ਖਮੀ
Publish Date: Sat, 16 May 2026 09:33 PM (IST)
Updated Date: Sat, 16 May 2026 09:36 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਅੱਜ ਦੁਪਹਿਰ ਕਸਬਾ ਭੁਲੱਥ ਤਹਿਸੀਲ ਦਫ਼ਤਰ ਦੇ ਸਾਹਮਣੇ ਮੇਨ ਸੜਕ ਕਰਤਾਰਪੁਰ-ਭੁਲੱਥ ’ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਮਾਂ ਦੀ ਮੌਤ ਹੋ ਗਈ ਤੇ ਪੁੱਤਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਜਨਦੀਪ ਸਿੰਘ ਆਪਣੀ ਮਾਤਾ ਸੰਦੀਪ ਕੌਰ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਪੰਡੋਰੀ ਰਾਜਪੂਤਾਂ ਤੋਂ ਭੁਲੱਥ ਆ ਰਿਹਾ ਸੀ ਤਾਂ ਤਹਿਸੀਲ ਦਫ਼ਤਰ ਸਾਹਮਣੇ ਭੁਲੱਥ ਸ਼ਹਿਰ ਵੱਲੋਂ ਇਕ ਤੇਜ਼ ਰਫਤਾਰ ਕਾਰ ਨੰਬਰ ਪੀਬੀ 08 ਐੱਫਐੱਮ 3484 ਨਾਲ ਟੱਕਰ ਹੋ ਗਈ। ਟੱਕਰ ਬਹੁਤ ਜ਼ਬਰਦਸਤ ਹੋਣ ਕਰਕੇ ਮੋਟਰ ਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਇੱਕਤਰ ਲੋਕਾਂ ਵੱਲੋਂ ਸਿਵਲ ਹਸਪਤਾਲ ਭੁਲੱਥ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਸੰਦੀਪ ਕੌਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜਦ ਕਿ ਉਸਦਾ ਪੁੱਤਰ ਰਾਜਨਦੀਪ ਸਿੰਘ ਜੇਰੇ ਇਲਾਜ ਹੈ। ਰਾਹਗੀਰਾਂ ਦੇ ਦੱਸਣ ਮੁਤਾਬਕ ਤੇਜ਼ ਰਫਤਾਰ ਕਾਰ ਇਕ ਆਟੋ ਨੂੰ ਓਵਰਟੇਕ ਕਰਦੀ ਹੋਈ ਬੇਕਾਬੂ ਹੋਈ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਈ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।