40 ਫੀਸਦੀ ਤੋਂ ਵਧ ਨਾਬਾਲਗ ਲੈ ਰਹੇ ਹਨ ਕੈਫੀਨ,ਡਾ:ਅਲਕਾ ਬਸਰਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਅਦਾਰਾ ਪੰਜਾਬੀ ਜਾਗਰਣ ਵੱਲੋਂ ਬੀਤੇ ਚਾਰ ਕੁ ਮਹੀਨੇ ਪਹਿਲਾਂ ਬੱਚਿਆਂ ਵਿਚ ਬੜੀ ਤੇਜ਼ੀ ਨਾਲ ਵਿਕ ਰਹੇ ਐਨਰਜੀ ਡਰਿੰਕ ਸਬੰਧੀ ਇਕ ਖਬਰ ਪ੍ਰਕਾਸ਼ਿਤ ਕਰਕੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਤੇ ਸੂਬਾ ਸਰਕਾਰ ਨੂੰ ਮੰਗ ਕੀਤੀ ਸੀ ਕਿ ਬੱਚਿਆਂ ਵਿਚ ਵਧ ਰਿਹਾ ਐਨਰਜੀ ਡਰਿੰਕ ਪੀਣ ਦਾ ਚਲਣ ਬਹੁਤ ਹੀ ਘਾਤਕ ਸਾਬਿਤ ਹੋਵੇਗਾ। ਇਸ ’ਤੇ ਲਗਾਮ ਲਗਾਣੀ ਬਹੁਤ ਜ਼ਰੂਰੀ ਹੈ। ਐਨਰਜੀ ਡਰਿੰਕ ਪੀਣ ਵਾਲਿਆਂ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਪਰ ਕੁਝ ਦੁਕਾਨਦਾਰ ਜ਼ਿਆਦਾ ਕਮਾਈ ਕਰਨ ਦੇ ਲਾਲਚ ਵਿਚ ਛੋਟੇ ਬੱਚਿਆਂ ਨੂੰ ਵੀ ਐਨਰਜੀ ਡਰਿੰਕ ਦੇਣ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਕਾਰਨ ਬੱਚੇ ਧੜਾਧੜ ਐਨਰਜੀ ਡਰਿੰਕ ਦਾ ਸ਼ਿਕਾਰ ਹੋਣ ਲੱਗੇ ਸਨ। ਫੂਡ ਐਂਡ ਡਰਗ ਐਡਮਨਿਸਟਰੇਸ਼ਨ ਪੰਜਾਬ ਵੱਲੋਂ ਆਏ ਹੁਕਮਾਂ ਅਨੁਸਾਰ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੇ ਸੂਬੇ ਵਿਚ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਫਿਰ ਵੀ ਕੋਈ ਦੁਕਾਨਦਾਰ ਬੱਚਿਆਂ ਨੂੰ ਐਨਰਜੀ ਡਰਿੰਕ ਦਿੰਦੇ ਹੋਏ ਪਾਇਆ ਗਿਆ ਤਾਂ ਉਸ ’ਤੇ ਸਖਤ ਕਾਰਵਾਈ ਦੀ ਹੋ ਸਕਦੀ ਹੈ।
ਦੁੱਧ-ਲੱਸੀਆਂ ਦੇ ਸੂਬੇ ਪੰਜਾਬ ਵਿਚ ਅੱਜ ਬੱਚਿਆਂ ਦਾ ਰੁਝਾਨ ਐਨਰਜੀ ਡਰਿੰਕ ਵੱਲ ਵਧ ਰਿਹਾ ਹੈ। ਸਸਤੇ ਹੋਣ ਕਾਰਨ ਨਬਾਲਗ ਇਸ ਨੂੰ ਆਸਾਨੀ ਨਾਲ ਖਰੀਦ ਕੇ ਪੀ ਰਹੇ ਹਨ। ਮਿੱਠੇ ਫਲਾਂ ਦੇ ਸੁਆਦ ਜੂਸ ਵਰਗਾ ਮਹਿਸੂਸ ਹੋਣ ਵਾਲਾ ਐਨਰਜੀ ਡਰਿੰਕ ਬੱਚਿਆਂ ਦੀ ਸਿਹਤ ਤੇ ਘਾਤਕ ਪ੍ਰਭਾਵ ਪਾ ਰਿਹਾ ਹੈ। ਰੋਜ਼ਾਨਾ ਐਨਰਜੀ ਡਰਿੰਕ ਪੀਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਕ ਸਰਵੇ ਮੁਤਾਬਕ ਪੰਜਾਬ ਅੰਦਰ ਐਨਰਜੀ ਡਰਿੰਕ ਪੀਣ ਵਾਲੇ 40 ਫ਼ੀਸਦੀ ਬੱਚੇ ਪੰਦਰਾਂ ਸਾਲ ਤੋਂ ਘੱਟ ਉਮਰ ਦੇ ਹਨ।
ਐਨਰਜੀ ਡਰਿੰਕ ’ਚ ਪਾਏ ਜਾਣ ਵਾਲੇ ਤੱਤ
ਕੈਫੀਨ ਦੀ ਸਮੱਗਰੀ 75 ਮਿਲੀਗ੍ਰਾਮ ਤੋਂ 200 ਮਿਲੀਗ੍ਰਾਮ ਤਕ।
ਗੁਆਨਾ, ਜਿੰਨਸਿੰਗ ਤੇ ਟੌਰੇ ਨਾਮਕ ਉਤੇਜਕ ਉਤਪਾਦਕ।
ਸੋਡੀਅਮ ਸਮੱਗਰੀ 123 ਗ੍ਰਾਮ ਔਸਤਨ ਖਾਣ ਪੀਣ ਵਾਲੇ ਪਦਾਰਥਾਂ ਵਿਚ 8 ਗ੍ਰਾਮ
ਐਨਰਜੀ ਡਰਿੰਕ ਪੀਣ ਦੇ ਨੁਕਸਾਨ
ਘਬਰਾਹਟ ਮਹਿਸੂਸ ਕਰਨਾ।
ਬੇਚੈਨੀ।
ਚਿੜਚਿੜਾਪਨ।
ਵਧੀ ਹੋਈ ਦਿਲ ਦੀ ਧੜਕਣ।
ਬਲੱਡ ਪ੍ਰੈਸ਼ਰ ਦਾ ਵਧਣਾ।
ਨੀਂਦ ਆਉਣ ਵਿਚ ਪ੍ਰੇਸ਼ਾਨੀ।
ਦੌਰੇ ਪੈਣਾ।
ਮਿੱਠੇ ਨਾਲ ਦੰਦਾਂ ਦਾ ਸੜਨਾ।
ਭਾਰ ਵਧਣਾ।
ਐਨਰਜੀ ਡਰਿੰਕ ਬੱਚਿਆਂ ਦੀ ਜ਼ਿੰਦਗੀ ਲਈ ਜ਼ੋਖ਼ਮ : ਡਾ. ਬਸਰਾ
ਬੱਚਿਆਂ ਲਈ ਐਨਰਜੀ ਡਰਿੰਕ ਇਕ ਆਕਰਸ਼ਕ ਪੀਣ ਵਾਲੇ ਪਦਾਰਥ ਦੇ ਬਰਾਬਰ ਹੈ। ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਵੱਲ ਬਹੁਤ ਜਲਦੀ ਆਕਰਸ਼ਿਤ ਹੋ ਰਹੇ ਹਨ ਤੇ ਸਸਤਾ ਹੋਣ ਕਾਰਨ ਉਹ ਕਿਧਰੇ ਵੀ ਐਨਰਜੀ ਡਰਿੰਕ ਦਾ ਇਸਤੇਮਾਲ ਕਰ ਸਕਦੇ ਹਨ। ਜੇਕਰ ਬੱਚੇ ਆਪਣੀ ਛੋਟੀ ਉਮਰ ਵਿਚ ਹੀ ਕੈਫੀਨ ਦਾ ਇਸਤੇਮਾਲ ਕਰਨ ਲੱਗਣ ਤਾਂ ਇਹ ਉਨ੍ਹਾਂ ਲਈ ਆਉਣ ਵਾਲੀ ਜ਼ਿੰਦਗੀ ਵਿਚ ਬਹੁਤ ਹੀ ਸੰਵੇਦਨਸ਼ੀਲ ਹੋ ਸਕਦਾ ਹੈ। ਸਰਕਾਰਾਂ ਵੱਲੋਂ ਸ਼ਰਾਬ ਪੀਣ ਦੀ ਨਿਯਮਿਤ ਉਮਰ 21 ਸਾਲ ਕੀਤੀ ਹੋਈ ਹੈ, ਜਿਸ ਕਾਰਨ 21 ਸਾਲ ਤੋਂ ਛੋਟੇ ਬੱਚੇ ਅਲਕੋਹਲ ਜਾਂ ਸ਼ਰਾਬ ਪੀਣ ਵੱਲ ਧਿਆਨ ਨਹੀਂ ਦਿੰਦੇ ਪਰ ਜੇਕਰ ਐਨਰਜੀ ਡਰਿੰਕ ਦੀ ਗੱਲ ਕਰੀਏ ਤਾਂ ਇਹ ਬੱਚਿਆਂ ਲਈ ਕਿਤੇ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਨਾਲ ਜ਼ੋਖ਼ਮ ਭਰਿਆ ਹੈ। ਪੰਜਾਬ ’ਚ ਇਸ ਸਮੇਂ 12 ਤੋਂ 17 ਸਾਲ ਦੀ ਉਮਰ ਦੇ 31 ਫ਼ੀਸਦੀ ਬੱਚੇ ਤੇ 18 ਤੋਂ 24 ਸਾਲ ਦੀ ਉਮਰ ਦੇ 34 ਫ਼ੀਸਦੀ ਬੱਚੇ ਰੋਜ਼ਾਨਾ ਐਨਰਜੀ ਡਰਿੰਕ ਦਾ ਇਸਤੇਮਾਲ ਕਰ ਰਹੇ ਹਨ।
ਹਰ ਤਰਾਂ ਦੇ ਸਾਫਟ ਡਰਿੰਕ ਬੱਚਿਆਂ ਲਈ ਘਾਤਕ : ਡਾ. ਅਲਕਾ
ਕਿਸੇ ਵੀ ਤਰਾਂ ਦੇ ਸਾਫਟਡਰਿੰਕ, ਐਨਰਜੀ ਡਰਿੰਕ ਬੱਚਿਆਂ ਲਈ ਬਹੁਤ ਹੀ ਘਾਤਕ ਹਨ। ਬੱਚਿਆਂ ਵਿਚ ਮੋਟਾਪਾ, ਲੀਵਰ ਦੀ ਬਿਮਾਰੀ, ਫੈਟੀ ਲੀਵਰ, ਲੀਵਰ ਫੇਲ ਹੋਣਾ ਆਦਿ ਬਹੁਤ ਸਾਰੀਆਂ ਬਿਮਾਰੀਆਂ ਸਾਫ਼ਟ ਡਰਿੰਕ ਤੇ ਐਨਰਜੀ ਡਰਿੰਕ ਪੀਣ ਨਾਲ ਬੱਚਿਆਂ ਨੂੰ ਹੋ ਸਕਦੀਆਂ ਹਨ। ਸਾਫਟ ਡਰਿੰਕ ਤੇ ਐਨਰਜੀ ਡਰਿੰਕ ਵਿਚ ਪਾਏ ਜਾਣ ਵਾਲੇ ਉਤਪਾਦ ਕੈਮੀਕਲਯੁਕਤ ਹੁੰਦੇ ਹਨ, ਜਿਨ੍ਹਾਂ ਦਾ ਸਰੀਰ ’ਤੇ ਬਹੁਤ ਹੀ ਘਾਤਕ ਅਸਰ ਪੈਂਦਾ ਹੈ। ਮਾਪਿਆਂ ਨੂੰ ਅਪੀਲ ਹੈ ਕਿ ਬਜ਼ਾਰਾਂ ਵਿਚ ਮਿਲਣ ਵਾਲਾ ਕਿਸੇ ਵੀ ਤਰ੍ਹਾਂ ਦਾ ਜੂਸ, ਸਾਫਟ ਡਰਿੰਕ, ਐਨਰਜੀ ਡਰਿੰਕ ਵਿਚ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਬੱਚੇ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਸਕਦੇ ਹਨ। ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਘਰ ਦਾ ਬਣਿਆ ਖਾਣਾ, ਸ਼ਿਕੰਜਵੀ, ਤਾਜ਼ਾ ਫਲ ਆਦਿ ਖਾਣ ਨੂੰ ਦਿਓ ਤਾਂ ਜੋ ਉਹ ਤੰਦਰੁਸਤ ਰਹਿ ਸਕਣ।
ਐਨਰਜੀ ਡਰਿੰਕ ਬੱਚਿਆਂ ਲਈ ਬਹੁਤ ਹੀ ਘਾਤਕ : ਡਾ. ਅਮਨ ਬਸਰਾ
ਐਨਰਜੀ ਡਰਿੰਕ ਬੱਚਿਆਂ ਲਈ ਬਹੁਤ ਹੀ ਘਾਤਕ ਹਨ। ਬੱਚਿਆਂ ਨੂੰ ਆਪਣੇ ਸਟੈਮਿਨਾ ਨੂੰ ਕਸਰਤ ਨਾਲ ਵਧਾਉਣਾ ਚਾਹੀਦਾ ਹੈ ਪਰ ਉਹ ਐਨਰਜੀ ਡਰਿੰਕ ਦਾ ਸ਼ਿਕਾਰ ਹੋ ਰਹੇ ਹਨ।ਸਕੂਲਾਂ ਵਿਚ ਵੀ ਬੱਚਿਆ ਨੂੰ ਐਨਰਜੀ ਡਰਿੰਕ ਦੇ ਖਤਰਨਾਕ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਸੂਬਾ ਸਰਕਾਰ ਨੂੰ ਐਨਰਜੀ ਡਰਿੰਕ ਦੀ ਖ਼ਰੀਦੋ-ਫ਼ਰੋਖ਼ਤ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਜਾਂ 18 ਸਾਲ ਤੋਂ ਉਪਰ ਦੇ ਨੌਜਵਾਨਾਂ ਨੂੰ ਹੀ ਐਨਰਜੀ ਡਰਿੰਕ ਵੇਚਨਾ ਚਾਹੀਦਾ ਹੈ। ਮਾਪਿਆਂ ਦੀ ਛੋਟੀ ਜਿਹੀ ਲਾਪਰਵਾਹੀ ਕਾਰਣ ਬੱਚੇ ਇਸ ਖਤਰਨਾਕ ਡਰਿੰਕ ਦੀ ਚਪੇਟ ਵਿਚ ਆਉਣ ਲੱਗੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਖਾਣ-ਪੀਣ ਦਾ ਖਾਸ ਖ਼ਿਆਲ ਰੱਖਣ ਕਿ ਉਹ ਕੀ ਖਾਂਦੇ-ਪੀਂਦੇ ਹਨ ਤਾਂ ਜੋ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।