ਡੀਏਵੀ ਕਾਲਜ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ।
Publish Date: Tue, 03 Mar 2026 09:07 PM (IST)
Updated Date: Tue, 03 Mar 2026 09:08 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ ਫਗਵਾੜਾ ਵਿਖੇ ਸੰਸਥਾ ਦੀ ਚੜ੍ਹਦੀ ਕਲਾ, ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਹ ਅਧਿਆਤਮਿਕ ਸਮਾਗਮ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਯੋਗ ਅਗਵਾਈ ਹੇਠ ਪੂਰੀ ਸ਼ਰਧਾ ਤੇ ਭਾਵਨਾ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸ਼ਾਂਤੀ, ਏਕਤਾ, ਨੈਤਿਕ ਕਦਰਾਂ-ਕੀਮਤਾਂ ਤੇ ਅਧਿਆਤਮਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਪਵਿੱਤਰ ਬਾਣੀ ਦੇ ਉਚਾਰਣ ਨਾਲ ਪੂਰੇ ਕਾਲਜ ਵਿਚ ਅਧਿਆਤਮਿਕ ਤੇ ਸ਼ਾਂਤਮਈ ਮਾਹੌਲ ਬਣ ਗਿਆ। ਸਟਾਫ ਮੈਂਬਰਾਂ, ਵਿਦਿਆਰਥੀਆਂ ਤੇ ਮਹਿਮਾਨਾਂ ਨੇ ਭਾਵਪੂਰਵਕ ਪਾਠ ਵਿਚ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਅਧਿਆਤਮਿਕਤਾ ਤੇ ਸਿੱਖਿਆ ਦਾ ਮਿਲਾਪ ਹੀ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਦਾ ਮਜ਼ਬੂਤ ਆਧਾਰ ਹੈ। ਅੱਜ ਦੇ ਤੇਜ਼ ਤੇ ਤਣਾਅਪੂਰਨ ਜੀਵਨ ਵਿਚ ਵਿਦਿਆਰਥੀਆਂ ਨੂੰ ਅੰਦਰੂਨੀ ਸ਼ਾਂਤੀ ਤੇ ਸਕਾਰਾਤਮਕ ਸੋਚ ਦੀ ਲੋੜ ਹੁੰਦੀ ਹੈ। ਅਜਿਹੇ ਧਾਰਮਿਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਜੁੜੇ ਰਹਿਣ ਵਿਚ ਮਦਦ ਕਰਦੇ ਹਨ। ਇਸ ਮੌਕੇ ਚੇਅਰਮੈਨ ਵਿਕਾਸ ਉੱਪਲ, ਪੂਜਾ ਉੱਪਲ, ਸਥਾਨਕ ਕਮੇਟੀ ਦੇ ਮੈਂਬਰ ਓਮ ਉੱਪਲ, ਕਵਿਤਾ ਉੱਪਲ, ਤਾਰਾ ਚੰਦ ਚੁੰਬਰ, ਵਿਜੈ ਸੋਂਧੀ, ਪ੍ਰਿੰਸੀਪਲ ਐੱਸਕੇ ਮਿੱਡਾ, ਡੀਆਰਵੀ ਡੀਏਵੀ ਕਾਲਜ, ਫਿਲੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਨਿਲ ਸਿੱਕਾ ਤੇ ਸ੍ਰੀਮਤੀ ਸਿੱਕਾ, ਐੱਸਐੱਨ ਅਗਰਵਾਲ ਤੇ ਡਾ. ਰਮਨਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪਾਠ ਉਪਰੰਤ ਕਾਲਜ ਦੀ ਤਰੱਕੀ ਤੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।