ਪ੍ਰਾਰਥਨਾ ਸਭਾ ’ਚ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ, ਈਸਾਈ ਭਾਈਚਾਰੇ ’ਚ ਰੋਸ
ਚਲਦੀ ਪ੍ਰਾਰਥਨਾ ਸਭਾ ’ਚ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ, ਈਸਾਈ ਭਾਈਚਾਰੇ ’ਚ ਰੋਸ
Publish Date: Thu, 14 May 2026 06:44 PM (IST)
Updated Date: Thu, 14 May 2026 06:45 PM (IST)

ਪੁਲਿਸ ਜਲਦ ਕਰੇ ਸਖ਼ਤ ਕਾਰਵਾਈ : ਪਾਸਟਰ ਸਿੱਧੂ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਥਾਣਾ ਫੱਤੂਢੀਂਗਾ ਦੇ ਅਧੀਨ ਆਉਂਦੇ ਪਿੰਡ ਫੱਤੂਢੀਂਗਾ ਵਿਚ ਇਕ ਚਰਚ ਅੰਦਰ ਚੱਲ ਰਹੀ ਪ੍ਰਾਰਥਨਾ ਸਭਾ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹੰਗਾਮਾ ਕਰਨ ਤੇ ਧਾਰਮਿਕ ਸ਼ਬਦਾਂ ਦਾ ਮਜ਼ਾਕ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਤੇ ਪੰਜਾਬ ਕ੍ਰਿਸਚੀਅਨ ਯੂਥ ਫੈਲੋਸ਼ਿਪ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਸਟਰ ਸਤਵੀਰ ਨੇ ਦੱਸਿਆ ਕਿ 22 ਅਪ੍ਰੈਲ 2026 ਦੀ ਰਾਤ ਨੂੰ ਤਕਰੀਬਨ 11 ਵਜੇ ਚਰਚ ਵਿਚ ਪ੍ਰਾਰਥਨਾ ਸਭਾ ਚੱਲ ਰਹੀ ਸੀ। ਇਸ ਦੌਰਾਨ ਕੁਝ ਸ਼ਰਾਰਤੀ ਵਿਅਕਤੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਚਰਚ ਅੰਦਰ ਦਾਖਲ ਹੋ ਕੇ ਹੁੱਲੜਬਾਜ਼ੀ ਕੀਤੀ। ਜਦੋਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਬਾਹਰ ਸੜਕ ਤੇ ਜਾ ਕੇ ਪਵਿੱਤਰ ਸ਼ਬਦ ਹਾ ਲੇ ਲੂ ਯਾਹ ਦਾ ਮਜ਼ਾਕ ਉਡਾਉਣ ਲੱਗੇ। ਇਸ ਸਬੰਧੀ 23 ਅਪ੍ਰੈਲ ਨੂੰ ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਪੰਜਾਬ ਕ੍ਰਿਸਚੀਅਨ ਯੂਥ ਫੈਲੋਸ਼ਿਪ ਮਾਲਵਾ ਜ਼ੋਨ ਦੇ ਪ੍ਰਧਾਨ ਸੇਵਕ ਸਿੱਧੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਹੈ। ਅੱਜ ਫਰੀਦਕੋਟ ਤੋਂ ਪਹੁੰਚੀ ਟੀਮ ਨੇ ਥਾਣਾ ਫੱਤੂਢੀਂਗਾ ਵਿਖੇ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਤੇ ਦੋਸ਼ੀਆਂ ਵਿਰੁੱਧ ਜਲਦ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ, ਤਾਂ ਪੂਰੇ ਪੰਜਾਬ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਸਮੂਹ ਭਾਈਚਾਰੇ ਨੂੰ ਇਸ ਮਸਲੇ ਲਈ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ।