ਮੀਰੀ-ਪੀਰੀ ਚੌਕ ਰੱਖਿਆ ਜਾਵੇ ਫਗਵਾੜਾ ਦੇ ਗੋਲ ਚੌਕ ਦਾ ਨਾਮ
ਮੀਰੀ-ਪੀਰੀ ਚੌਕ ਰੱਖਿਆ ਜਾਵੇ ਫਗਵਾੜਾ ਦੇ ਗੋਲ ਚੌਕ ਦਾ ਨਾਮ, ਸਿੱਖ ਜੱਥੇਬੰਦੀਆਂ ਨੇ ਕੀਤੀ ਮੰਗ
Publish Date: Thu, 26 Mar 2026 07:07 PM (IST)
Updated Date: Thu, 26 Mar 2026 07:11 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਧੀ ਦਰਜ਼ਨ ਤੋਂ ਵੱਧ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਅੱਜ ਫਗਵਾੜਾ ਦੇ ਰੈਸਟ ਹਾਉਸ ਵਿਖੇ ਹੋਈ। ਇਸ ਦੌਰਾਨ ਫਗਵਾੜਾ ਦੇ ਪੇਪਰ ਚੌਕ (ਗੋਲ ਚੌਕ) ਦੇ ਨਾਮਕਰਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਫਗਵਾੜਾ ਦੀ ਧਰਤੀ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰੋਗਿੰਬਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ, ਜਿਸ ਕਰਕੇ ਸਾਰੀ ਦੁਨੀਆ ਵਿਚ ਫਗਵਾੜਾ ਦੀ ਵੱਖਰੀ ਪਹਿਚਾਣ ਹੈ ਪਰ ਦੁੱਖ ਦੀ ਗੱਲ ਹੈ ਕਿ ਸ਼ਹਿਰ ਵਿਚ ਕੋਈ ਵੀ ਚੌਕ ਜਾਂ ਮਾਰਗ ਛੇਵੀਂ ਪਾਤਸ਼ਾਹੀ ਦੇ ਨਾਮ ’ਤੇ ਨਹੀਂ ਹੈ ਜਦਕਿ ਗੋਲ ਚੌਕ ਤੋਂ ਬੰਗਾ ਵਾਲੀ ਸੜਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜੋੜਦੀ ਹੈ ਜਿਥੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਇਨ੍ਹਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਨਗਰ ਨਿਗਮ ਫਗਵਾੜਾ ਦੇ ਸੀਨੀਅਰ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮਤਾ ਪਾ ਕੇ ਗੋਲ ਚੌਕ ਤੇ ਮੇਹਲੀ ਬਾਈਪਾਸ ਤੱਕ ਬੰਗਾ ਰੋਡ ਦਾ ਨਾਮ ਮੀਰੀ-ਪੀਰੀ ਮਾਰਗ ਰੱਖਿਆ ਜਾਵੇ। ਆਗੂਆਂ ਨੇ ਕਿਹਾ ਕਿ ਜਲਦੀ ਹੀ ਅਗਲੀ ਮੀਟਿੰਗ ਬੁਲਾਈ ਜਾਵੇਗੀ ਤੇ ਪੰਜਾਬ ਸਰਕਾਰ ਦੇ ਨਾਮ ਇਕ ਮੰਗ ਪੱਤਰ ਵੀ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ। ਇਸ ਮੌਕੇ ਅਕਾਲ ਸਟੂਡੈਂਟਸ ਫੈੱਡਰੇਸ਼ਨ ਫਗਵਾੜਾ, ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਫਗਵਾੜਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਗਵਾੜਾ, ਭਾਈ ਲਾਲੋ ਜੀ ਸੇਵਾ ਸੁਸਾਇਟੀ ਫਗਵਾੜਾ, ਗੁਰੂ ਰਾਮਦਾਸ ਸੇਵਾ ਸੁਸਾਇਟੀ ਫਗਵਾੜਾ, ਭਾਰਤੀ ਕਿਸਾਨ ਯੂਨੀਅਨ (ਦੋਆਬਾ) ਤੇ ਇਕਸ ਇੰਟਰਨੈਸ਼ਨਲ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।