ਈਰਾਨ–ਇਜ਼ਰਾਇਲ ਅਤੇ ਅਮਰੀਕਾ ਦੇ ਤਣਾਅ ਵਿਚਕਾਰ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ‘ਤੇ ਰੱਖੀ ਜਾਵੇ ਨਿਗਰਾਨੀ,ਸਮਾਜ ਸੇਵਕ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਈਰਾਨ–ਇਜ਼ਰਾਈਲ ਤੇ ਅਮਰੀਕਾ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਸਮਾਜ ਸੇਵਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ‘ਤੇ ਸਖ਼ਤ ਨਜ਼ਰ ਰੱਖੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਮਾਜ ਸੇਵਕ ਓਮ ਪ੍ਰਕਾਸ਼ ਵਜੀਦੋਵਾਲ, ਚਰਨਜੀਤ ਸਿੰਘ ਖਾਲਸਾ, ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕਿ ਅਜਿਹੇ ਅੰਤਰਰਾਸ਼ਟਰੀ ਹਾਲਾਤਾਂ ਦੇ ਦੌਰਾਨ ਕਈ ਵਾਰ ਕੁਝ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਚੁੱਕਦੇ ਹੋਏ ਜ਼ਰੂਰੀ ਵਸਤੂਆਂ ਦੇ ਭਾਅ ਵਧਾ ਦਿੰਦੇ ਹਨ, ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਜ਼ਾਰਾਂ ਵਿਚ ਰੇਟਾਂ ਦੀ ਨਿਗਰਾਨੀ ਕਰੇ ਤੇ ਗਲਤ ਤਰੀਕੇ ਨਾਲ ਮੁਨਾਫ਼ਾ ਕਮਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਬਰਾਹਟ ਵਿਚ ਆ ਕੇ ਜ਼ਰੂਰਤ ਤੋਂ ਵੱਧ ਖਰੀਦਦਾਰੀ ਨਾ ਕਰਨ ਤੇ ਅਫਵਾਹਾਂ ਤੋਂ ਬਚਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਨਿਗਰਾਨੀ ਨਾ ਕੀਤੀ ਗਈ ਤਾਂ ਕੁਝ ਲੋਕ ਭਾਅ ਵਧਾ ਕੇ ਆਮ ਜਨਤਾ ਨੂੰ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਲੋੜ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਬਣਾਈ ਰੱਖਣ ਤੇ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਨ ਲਈ ਤੁਰੰਤ ਕਦਮ ਚੁੱਕਣ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਮਾਜ ਸੇਵਕਾਂ ਤੇ ਜਾਗਰੂਕ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੇ ਕਾਲਾ ਬਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਜ਼ਰੂਰੀ ਵਸਤੂਆਂ ਦੇ ਭਾਅ ਵਧਾ ਕੇ ਤੇ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਵਿਚ ਡਰ ਤੇ ਅਫਰਾਤਫਰੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਜ਼ਾਰਾਂ ਵਿਚ ਨਿਯਮਿਤ ਛਾਪੇਮਾਰੀ ਕੀਤੀ ਜਾਵੇ ਤੇ ਜਿਹੜੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਮਾਲ ਸਟਾਕ ਕਰਕੇ ਕਾਲਾਬਜ਼ਾਰੀ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਨਾਲ ਨਾ ਸਿਰਫ਼ ਭਾਅ ‘ਤੇ ਕਾਬੂ ਪਾਇਆ ਜਾ ਸਕੇਗਾ, ਸਗੋਂ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਵੀ ਜਨਤਾ ਨਾਲ ਲਗਾਤਾਰ ਸੰਪਰਕ ਵਿਚ ਰਹੇ ਤੇ ਸਹੀ ਜਾਣਕਾਰੀ ਸਮੇਂ-ਸਿਰ ਸਾਂਝੀ ਕਰੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਨਾ ਫੈਲੇ। ਮੌਜੂਦਾ ਹਾਲਾਤਾਂ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਦਰਮਿਆਨ ਸਮਾਜ ਸੇਵਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐੱਲਪੀਜੀ ਗੈਸ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ ਤੇ ਉਹ ਘਬਰਾਉਣ ਦੀ ਬਜਾਇ ਸੰਤੁਲਨ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਸਧਾਰਣ ਤਰੀਕੇ ਨਾਲ ਜਾਰੀ ਹੈ ਤੇ ਬੁਕਿੰਗ ਕਰਨ ਤੋਂ ਬਾਅਦ ਸਿਲੰਡਰ ਅਸਾਨੀ ਨਾਲ ਮਿਲ ਰਿਹਾ ਹੈ।
ਕੈਪਸ਼ਨ-20ਪੀਐਚਜੀ3 ਓਮ ਪ੍ਰਕਾਸ਼ ਵਜੀਦੋਵਾਲ।
ਕੈਪਸ਼ਨ-20ਪੀਐਚਜੀ4 ਚਰਨਜੀਤ ਸਿੰਘ ਖਾਲਸਾ।
ਕੈਪਸ਼ਨ-20ਪੀਐਚਜੀ5 ਗੁਰਦੀਪ ਸਿੰਘ ਕੰਗ।