ਬੱਚਿਆਂ ’ਚ ਵਧ ਰਿਹਾ ਮਾਨਸਿਕ ਤਣਾਅ : ਡਾ. ਬਸਰਾ
ਬੱਚਿਆਂ ਵਿੱਚ ਵੱਧ ਰਿਹਾ ਮਾਨਸਿਕ ਤਣਾਅ,ਡਾ ਬਸਰਾ
Publish Date: Mon, 06 Apr 2026 10:15 PM (IST)
Updated Date: Mon, 06 Apr 2026 10:17 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਜਿਥੇ ਘਰ ਦੇ ਵੱਡੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ, ਉਥੇ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਰਹੇ। ਸਕੂਲ ਦਾ ਦਬਾਅ, ਮਾਪਿਆਂ ਦੀਆਂ ਉਮੀਦਾਂ ਤੇ ਡਿਜੀਟਲ ਦੁਨੀਆ ਦਾ ਪ੍ਰਭਾਵ ਬੱਚਿਆਂ ਦੇ ਮਨ ’ਤੇ ਗੰਭੀਰ ਅਸਰ ਪਾ ਰਹੇ ਹਨ। ਨਤੀਜੇ ਵਜੋਂ ਬੱਚਿਆਂ ਵਿਚ ਚਿੜਚਿੜਾਪਣ, ਗੁੱਸਾ ਤੇ ਅਸਹਿਣਸ਼ੀਲਤਾ ਵਧ ਰਹੀ ਹੈ। ਡਾਕਟਰ ਵੀਰ ਸਿੰਘ ਬਸਰਾ ਤੇ ਡਾਕਟਰ ਜਤਿੰਦਰ ਸਿੰਘ ਪਰਹਾਰ, ਪੰਕਜ ਸਰਦਾਨਾ ਨੇ ਕਿਹਾ ਕਿ ਬੱਚਿਆਂ ਦੀ ਮਾਨਸਿਕ ਸਿਹਤ ਇਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਜੇ ਮਾਪੇ ਤੇ ਅਧਿਆਪਕ ਸਮੇਂ ‘ਤੇ ਧਿਆਨ ਦੇਣ, ਤਾਂ ਬੱਚਿਆਂ ਦੇ ਗੁੱਸੇ ਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਮਾਰਗਦਰਸ਼ਨ ਤੇ ਪਿਆਰ ਭਰਿਆ ਮਾਹੌਲ ਬੱਚਿਆਂ ਨੂੰ ਇਕ ਖੁਸ਼ਹਾਲ ਤੇ ਸੰਤੁਲਿਤ ਜੀਵਨ ਵੱਲ ਲੈ ਜਾ ਸਕਦਾ ਹੈ। ਤਣਾਅ ਦੇ ਮੁੱਖ ਕਾਰਨ ਮਾਹਿਰ ਡਾ. ਵੀਰ ਸਿੰਘ ਬਸਰਾ, ਡਾ. ਜਤਿੰਦਰ ਸਿੰਘ ਪਰਹਾਰ, ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੇ ਚੇਅਰਮੈਨ ਪੰਕਜ ਸਰਦਾਨਾ ਮੁਤਾਬਕ ਬੱਚਿਆਂ ਵਿਚ ਵਧਦੇ ਮਾਨਸਿਕ ਤਣਾਅ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਸਕੂਲ ਦਾ ਦਬਾਅ ਹੋਮਵਰਕ, ਪ੍ਰੀਖਿਆਵਾਂ ਤੇ ਮੁਕਾਬਲੇ ਦੀ ਦੌੜ। ਇਸ ਦੇ ਨਾਲ ਹੀ ਮਾਪਿਆਂ ਦੀਆਂ ਵਧਦੀਆਂ ਉਮੀਦਾਂ ਵੀ ਬੱਚਿਆਂ ਨੂੰ ਅੰਦਰੋਂ ਦਬਾ ਰਹੀਆਂ ਹਨ। ਡਿਜੀਟਲ ਯੁੱਗ ਵਿਚ ਮੋਬਾਈਲ ਤੇ ਗੇਮਿੰਗ ਦਾ ਅਧਿਕ ਇਸਤੇਮਾਲ ਵੀ ਬੱਚਿਆਂ ਦੀ ਮਨੋਦਸ਼ਾ ‘ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ, ਜਿਸ ਨਾਲ ਉਹ ਜਲਦੀ ਗੁੱਸੇ ਵਿਚ ਆ ਜਾਂਦੇ ਹਨ। ਚਿੜਚਿੜੇਪਨ ਦੀਆਂ ਨਿਸ਼ਾਨੀਆਂ : ਛੋਟੀਆਂ-ਛੋਟੀਆਂ ਗੱਲਾਂ ‘ਤੇ ਗੁੱਸਾ ਕਰਨਾ ਇਕੱਲੇ ਰਹਿਣ ਦੀ ਆਦਤ ਬਣਨੀ ਪੜ੍ਹਾਈ ਵਿਚ ਰੁਚੀ ਘਟਣਾ ਗੱਲ ਨਾ ਸੁਣਨਾ ਜਾਂ ਜ਼ਿੱਦ ਕਰਨਾ ਨੀਂਦ ਤੇ ਖਾਣ-ਪੀਣ ਦੇ ਰੁਟੀਨ ਵਿਚ ਬਦਲਾਅ ਮਾਪਿਆਂ ਤੇ ਅਧਿਆਪਕਾਂ ਦੀ ਭੁਮਿਕਾ ਅਹਿਮ ਇਸ ਸੰਵੇਦਨਸ਼ੀਲ ਮਾਮਲੇ ਵਿਚ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਨ੍ਹਾਂ ‘ਤੇ ਬਿਨਾਂ ਲੋੜ ਦੇ ਦਬਾਅ ਨਾ ਪਾਉਣਾ ਜ਼ਰੂਰੀ ਹੈ। ਅਧਿਆਪਕਾਂ ਨੂੰ ਵੀ ਕਲਾਸਰੂਮ ਵਿਚ ਦੋਸਤਾਨਾ ਮਾਹੌਲ ਬਣਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੀ ਗੱਲ ਆਸਾਨੀ ਨਾਲ ਸਾਂਝੀ ਕਰ ਸਕਣ। ਗੁੱਸੇ ‘ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ ਬੱਚਿਆਂ ਨੂੰ ਖੇਡਾਂ ਤੇ ਸਰੀਰਕ ਗਤੀਵਿਧੀਆਂ ਵੱਲ ਪ੍ਰੇਰਿਤ ਕਰੋ ਸਕਰੀਨ ਟਾਈਮ ਘਟਾਓ ਯੋਗਾ ਤੇ ਧਿਆਨ ਦੀ ਆਦਤ ਪਾਓ ਸਮੇਂ-ਸਮੇਂ ‘ਤੇ ਪਰਿਵਾਰ ਨਾਲ ਗੁਣਵੱਤਾ ਵਾਲਾ ਸਮਾਂ ਬਿਤਾਓ ਜ਼ਰੂਰਤ ਪੈਣ ‘ਤੇ ਕੌਂਸਲਰ ਦੀ ਮਦਦ ਲਓ