ਸਿਵਲ ਹਸਪਤਾਲ ’ਚ ਸਕਿਨ ਤੇ ਵਾਲਾਂ ਦਾ ਮੈਡੀਕਲ ਕੈਂਪ ਲਗਾਇਆ
ਸਿਵਲ ਹਸਪਤਾਲ ‘ਚ ਮੈਡੀਕਲ ਕੈਂਪ, ਸਕਿਨ ਤੇ ਵਾਲਾਂ ਦੇ ਮਾਹਿਰ ਡਾਕਟਰਾਂ ਨੇ ਕੀਤਾ ਚੈਕਅੱਪ
Publish Date: Thu, 19 Feb 2026 08:18 PM (IST)
Updated Date: Thu, 19 Feb 2026 08:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਅੱਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚਮੜੀ ਤੇ ਵਾਲਾਂ ਨਾਲ ਸਬੰਧਤ ਬਿਮਾਰੀਆਂ ਲਈ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਡਰਮੈਟੋਲੋਜੀ ਸੇਵਾ ਆਪਣੇ ਸ਼ਹਿਰ ਵਿਚ ਹੀ ਪ੍ਰਾਪਤ ਹੋਈ। ਕੈਂਪ ਵਿਚ ਯੂਨਾਈਟਿਡ ਕਿੰਗਡਮ ਦੀ ਵਿਸ਼ਵ ਪ੍ਰਸਿੱਧ ਚਮੜੀ ਰੋਗ ਮਾਹਿਰ ਡਾ. ਅਲਕਾ ਮਹਿਤਾ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ। ਡਾ. ਅਲਕਾ ਮਹਿਤਾ ਤੇ ਉਨ੍ਹਾਂ ਦੀ ਟੀਮ ਵੱਲੋਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਓਪੀਡੀ ਕੀਤੀ ਗਈ। ਕੈਂਪ ਦੌਰਾਨ ਕਰੀਬ 110 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਤੇ ਉਨ੍ਹਾਂ ਨੂੰ ਸਲਾਹ ਅਤੇ ਇਲਾਜ ਦਿੱਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਚਮੜੀ ਰੋਗ ਮਾਹਿਰ ਡਾ. ਅਮਨਦੀਪ ਰਿਆੜ ਵੀ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਕਿਹਾ, “ਸਾਡਾ ਮਕਸਦ ਅੰਤਰਰਾਸ਼ਟਰੀ ਮੈਡੀਕਲ ਮਿਆਰਾਂ ਤੇ ਪਿੰਡ ਪੱਧਰੀ ਸਿਹਤ ਸੇਵਾਵਾਂ ਵਿਚਕਾਰ ਜੋ ਦੂਰੀਆਂ ਹਨ, ਨੂੰ ਘਟਾਉਣਾ ਹੈ। ਸੀਨੀਅਰ ਮੈਡਕਲ ਅਫ਼ਸਰ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਯਤਨ ਕੀਤੇ ਜਾਂਦੇ ਰਹਿਣਗੇ।