15 ਨੂੰ ਚੰਡੀਗੜ੍ਹ ਕੂਚ ਕਰਨਗੇ ਕਪੂਰਥਲਾ ਦੇ ਕਿਸਾਨ
ਜ਼ਿਲ੍ਹਾ ਕਪੂਰਥਲਾ ਦੇ ਕਿਸਾਨ ਵੱਡੀ ਗਿਣਤੀ ’ਚ ਹੋਣਗੇ ਸ਼ਾਮਲ
Publish Date: Tue, 05 May 2026 09:59 PM (IST)
Updated Date: Tue, 05 May 2026 10:02 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਹੰਸਪਾਲ ਟ੍ਰੇਡਿੰਗ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲੀਆ ਦੀ ਮੌਜੂਦਗੀ ਵਿਚ ਜ਼ਿਲ੍ਹਾ ਸਕੱਤਰ ਭਿੰਦੂ ਸੁੱਠੜਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਦੇ ਆਗੂਆਂ ਨੇ ਭਰਪੂਰ ਹਾਜ਼ਰੀ ਭਰੀ ਤੇ ਤਿੰਨ ਘੰਟੇ ਚੱਲੀ ਮੀਟਿੰਗ ਵਿਚ ਅਹਿਮ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਖਾਸ ਤੌਰ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਮਈ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਜ਼ਿਲ੍ਹੇ ਵਿਚੋਂ ਵੱਧ ਤੋਂ ਵੱਧ ਹਾਜ਼ਰੀ ਭਰਨ ਲਈ ਸੂਬਾ ਕਮੇਟੀ ਵੱਲੋਂ ਦਿੱਤੇ ਟਾਰਗੈੱਟ ਨੂੰ ਪੂਰਾ ਕਰਨ ਬਾਰੇ ਵਿਸ਼ੇਸ਼ ਚਰਚਾ ਹੋਈ। ਪਿੰਡ ਇਕਾਈਆਂ, ਬਲਾਕ ਤੇ ਜ਼ਿਲ੍ਹਾ ਆਗੂਆਂ ਨੇ ਵਚਨਬੱਧਤਾ ਦਿਖਾਈ ਤੇ ਬੱਸਾਂ ਰਾਹੀਂ ਚੰਡੀਗੜ੍ਹ ਕੂਚ ਕਰਨ ਦੀ ਤਿਆਰੀ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਫੰਡਾਂ ਦੀ ਵਰਤੋਂ, ਪਿੰਡ ਇਕਾਈਆਂ ਨੂੰ ਸਰਗਰਮ ਕਰਨ ਤੇ ਬਿਜਲੀ ਦੀ ਸਮੱਸਿਆ ਸਮੇਤ ਹੋਰ ਕਿਸਾਨੀ ਮੁੱਦਿਆਂ ’ਤੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਆਗੂਆਂ ਵਿਚ ਸੁਰਜੀਤ ਸਿੰਘ, ਅਮਰਜੀਤ ਸਿੰਘ, ਰਾਜਬੀਰ ਚਮਿਆਰਾ, ਤੀਰਥ ਸਿੰਘ, ਗੁਰਦੀਪ, ਜਸਵੀਰ, ਹਰਪਾਲ, ਮੰਗਲ, ਮਨਜੀਤ ਸਿੰਘ, ਸਰਬਜੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸੁਮਨ ਅਤੇ ਜਗਪਾਲ ਦੰਦੂਪੁਰ ਸ਼ਾਮਲ ਸਨ।