ਆਰਸੀਐੱਫ ’ਚ ਨਕਾਬਪੋਸ਼ ਲੁਟੇਰਿਆਂ ਲਾਹੀ ਔਰਤ ਦੀ ਕੰਨ ਦੀ ਵਾਲੀ
ਆਰਸੀਐੱਫ ’ਚ ਨਕਾਬਪੋਸ਼ ਲੁਟੇਰਿਆਂ ਦੀ ਦਿਨ ਦਿਹਾੜੇ ਵਾਰਦਾਤ, ਮਹਿਲਾ ਦੀ ਕੰਨ ਦੀ ਵਾਲੀ ਖੋਹ ਕੇ ਫਰਾਰ
Publish Date: Fri, 03 Apr 2026 07:47 PM (IST)
Updated Date: Fri, 03 Apr 2026 07:49 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਪੂਰਥਲਾ ਦੇ ਰੇਲ ਕੋਚ ਫੈਕਟਰੀ (ਆਰਸੀਐੱਫ) ਵਿਚ ਦਿਨ ਦਿਹਾੜੇ ਲੁੱਟ ਦੀ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਡਵਿੰਡੀ ਦੇ ਰਹਿਣ ਵਾਲੇ ਮੇਜਰ ਸਿੰਘ ਪੁੱਤਰ ਸਵਰਨਾ ਰਾਮ ਨੇ ਦੱਸਿਆ ਕਿ ਉਸਦੀ ਪਤਨੀ ਅਨੀਤਾ ਆਪਣੇ ਲੜਕੇ ਗੌਰਵ ਰੰਧਾਵਾ ਤੇ ਦੋਹਤੀ ਪਰਲੀਨ ਕੌਰ ਸਮੇਤ ਕਪੂਰਥਲਾ ਤੋਂ ਪਲੈਟੀਨਾ ਮੋਟਰਸਾਈਕਲ ਨੰਬਰ ਪੀਬੀ09 ਡਬਲਯੂ 0615 ‘ਤੇ ਆਪਣੀ ਲੜਕੀ ਨੂੰ ਮਿਲ ਕੇ ਵਾਪਸ ਪਿੰਡ ਡਡਵਿੰਡੀ ਆ ਰਹੇ ਸਨ। ਮੇਜਰ ਸਿੰਘ ਦੀ ਪਤਨੀ ਅਨੀਤਾ ਨੇ ਦੱਸਿਆ ਕਿ ਜਦੋਂ ਉਹ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਝੁੱਗੀਆਂ ਕੋਲ ਪਹੁੰਚੇ ਤਾਂ ਪਿੱਛੋਂ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਅਚਾਨਕ ਹਮਲਾ ਕਰ ਦਿੱਤਾ ਤੇ ਅਨੀਤਾ ਦੇ ਸੱਜੇ ਕੰਨ ਦੀ ਵਾਲੀ ਜ਼ਬਰਦਸਤੀ ਖਿੱਚ ਕੇ ਲੈ ਗਏ। ਪਰਿਵਾਰ ਵੱਲੋਂ ਰੌਲਾ ਪਾਇਆ ਗਿਆ ਪਰ ਲੁਟੇਰੇ ਮੋਟਰਸਾਈਕਲ ਭਜਾ ਕੇ ਫਰਾਰ ਹੋ ਗਏ। ਪੀੜਤ ਅਨੀਤਾ ਨੇ ਦੱਸਿਆ ਕਿ ਸਾਰੀ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਉਹ ਕੁਝ ਸਮਝ ਹੀ ਨਹੀਂ ਸਕੇ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਤੇ ਦੋਹਤੀ ਸਮੇਤ ਘਰ ਪਹੁੰਚੇ ਤੇ ਸਾਰੀ ਘਟਨਾ ਬਾਰੇ ਪਤੀ ਮੇਜਰ ਸਿੰਘ ਨੂੰ ਜਾਣਕਾਰੀ ਦਿੱਤੀ। ਮੇਜਰ ਸਿੰਘ ਨੇ ਦੱਸਿਆ ਕਿ ਉਹ ਇਸ ਸੰਬੰਧੀ ਪੁਲਿਸ ਚੌਂਕੀ ਸੈਦੋ ਭੁਲਾਣਾ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਸਾਈਕਲਾਂ ਨੂੰ ਪੈਂਚਰ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ ਤੇ ਇਸ ਵਾਰਦਾਤ ਨਾਲ ਉਨ੍ਹਾਂ ਨੂੰ ਹੋਰ ਆਰਥਿਕ ਤੇ ਮਾਨਸਿਕ ਝਟਕਾ ਲੱਗਾ ਹੈ। ਇਲਾਕੇ ਵਿਚ ਵਧ ਰਹੀਆਂ ਲੁੱਟ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।