ਬ੍ਰਹਮ ਗਿਆਨੀ ਬਾਬਾ ਬੀਰ ਸਿੰਘ ਜੀ ਨੇ ਦਿੱਤੀ ਲਾਸਾਨੀ ਸ਼ਹਾਦਤ
ਬ੍ਰਹਮ ਗਿਆਨੀ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ
Publish Date: Fri, 08 May 2026 08:51 PM (IST)
Updated Date: Fri, 08 May 2026 08:53 PM (IST)

ਬ੍ਰਹਮ ਗਿਆਨੀ ਸੰਤ ਬਾਬਾ ਬੀਰ ਸਿੰਘ ਜੀ ਉੱਚੀ ਰੂਹਾਨੀ ਅਵਸਥਾ ਦੇ ਮਾਲਕ ਸਨ। ਆਪ ਜੀ ਦਾ ਜਨਮ ਪਿਤਾ ਸੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਜੀ ਦੀ ਸੁਲੱਖਣੀ ਕੁੱਖ ਤੋਂ ਪਿੰਡ ਗੱਗੋਬੂਆ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ ਸਾਹਿਬ) ਵਿਖੇ ਜੁਲਾਈ ਸੰਨ 1768 ਈਸਵੀ ਨੂੰ ਹੋਇਆ। ਆਪ ਜੀ ਦਾ ਬਚਪਨ ਨਗਰ ਗੱਗੋਬੂਆ ਵਿਖੇ ਹੀ ਗੁਜ਼ਰਿਆ ਤੇ ਇਥੇ ਹੀ ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਗ੍ਰੰਥੀ ਪਾਸੋਂ ਹਾਸਲ ਕੀਤੀ। ਆਪ ਦੇ ਪਿਤਾ ਸੇਵਾ ਸਿੰਘ ਜੀ ਨਿਹਾਲ ਸਿੰਘ ਅਟਾਰੀ ਵਾਲਾ ਦੀ ਫੌਜ (ਮਹਾਰਾਜਾ ਰਣਜੀਤ ਸਿੰਘ ਅਧੀਨ) ਵਿਚ ਨੌਕਰੀ ਕਰਦੇ ਸਨ। ਜਦੋਂ ਸਿੱਖ ਫੌਜਾਂ ਵੱਲੋਂ ਮੁਲਤਾਨ ਦੀ ਪਹਿਲੀ ਮੁਹਿੰਮ ਦੌਰਾਨ ਇਨ੍ਹਾਂ ਦੇ ਪਿਤਾ ਜੀ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ ਤਾਂ ਨਿਹਾਲ ਸਿੰਘ ਅਟਾਰੀ ਵਾਲਾ ਨੇ ਬਾਬਾ ਬੀਰ ਸਿੰਘ ਦੇ ਸਰੀਰ ਦੀ ਦਰਸ਼ਨੀ ਦਿੱਖ, ਉੱਜਲ ਦੀਦਾਰੀ ਤੇ ਸੁਡੌਲਤਾ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਪਿਤਾ ਦੀ ਥਾਂ ਫੌਜ ਵਿਚ ਨੌਕਰੀ ਦੇ ਦਿੱਤੀ। ਫੌਜ ਦੀ ਨੌਕਰੀ ਛੱਡਣ ਦੇ ਇਕ ਸਾਲ ਬਾਅਦ ਆਪ ਨੇ ਬਾਬਾ ਭਾਗ ਸਿੰਘ ਜੀ ਦੇ ਡੇਰੇ ਪੰਚਸ਼ੀਲ ਪਰਬਤ ਨੇੜੇ ਕੁਰੀਗ੍ਰਾਮ (ਰਾਵਲਪਿੰਡੀ) ਵਿਖੇ ਰਹਿ ਕੇ ਬਹੁਤ ਹੀ ਸ਼ਰਧਾ, ਸਤਿਕਾਰ ਤੇ ਨਿਸ਼ਠਾ ਸਹਿਤ ਸੇਵਾ ਕੀਤੀ। ਇਥੋਂ ਬਾਬਾ ਭਾਗ ਸਿੰਘ ਜੀ ਨੇ ਆਪ ਜੀ ਨੂੰ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਵਾਲਿਆਂ ਦੀ ਸੰਗਤ ਵਿਚ ਭੇਜ ਦਿੱਤਾ। ਜਿਥੇ ਆਪ ਨੇ ਤਕਰੀਬਨ ਦੋ ਸਾਲ ਸੇਵਾ ਸਿਮਰਨ ਦੀ ਉੱਤਮ ਘਾਲ ਕਮਾਈ ਕੀਤੀ। ਇਥੇ ਹੀ ਆਪ ਨੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਆਪ ਨੂੰ ਲੰਗਰ ਦੀਆਂ ਵੱਡੀਆਂ ਲੋਹਾਂ ਤੇ ਦੇਗਾਂ ਦੇ ਕੇ ਗੁਰਮਤਿ ਦੇ ਪ੍ਰਚਾਰ ਲਈ ਗੁਰੂ ਨਗਰੀ ਅੰਮ੍ਰਿਤਸਰ ਭੇਜਿਆ। ਇਥੇ ਆਪ ਨੇ ਪਿੰਡ ਨੌਰੰਗਾਬਾਦ (ਅੰਮ੍ਰਿਤਸਰ) ਵਿਖੇ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਬਾਬਾ ਬੀਰ ਸਿੰਘ ਜੀ ਦਾ ਸਿੱਖ ਫੌਜਾਂ ਅਤੇ ਸਿੰਘ ਸਿੱਖ ਪੰਥ ਵਿਚ ਬੇਹਦ ਸਤਿਕਾਰ ਸੀ। ਆਪ ਸਿੱਖ ਰਾਜ ਦੇ ਸ਼ੁਭਚਿੰਤਕ ਤੇ ਮੁੱਦਈ ਸਨ। ਮਹਾਰਾਜਾ ਰਣਜੀਤ ਸਿੰਘ ਦੀ 27 ਮਈ 1839 ਨੂੰ ਹੋਈ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਆਪਾ-ਧਾਪੀ ਮਚ ਗਈ। ਲਾਹੌਰ ਦਰਬਾਰ ਵਿਚ ਧਿਆਨ ਸਿੰਘ ਡੋਗਰੇ ਦੇ ਲੜਕੇ ਹੀਰਾ ਸਿੰਘ ਦੇ ਪ੍ਰਧਾਨ ਮੰਤਰੀ ਬਣਦੇ ਸਾਰ ਪੰਥ-ਪ੍ਰਸਤ ਸਿੱਖ ਰਾਜਿਆਂ ਤੇ ਸਰਦਾਰਾਂ ਦੇ ਕਤਲ ਹੋਣ ਲੱਗੇ। ਲਾਹੌਰ ਦਰਬਾਰ ਦੀ ਖਾਨਾ-ਜੰਗੀ ਤੇ ਬੁਰਛਾਗਰਦੀ ਕਾਰਨ ਸਰਦਾਰ ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ, ਕੰਵਰ ਪਿਸ਼ੌਰਾ ਸਿੰਘ ਆਦਿ ਆਪਣੀ ਫੌਜ ਲੈ ਕੇ ਬਾਬਾ ਬੀਰ ਸਿੰਘ ਜੀ ਦੀ ਸ਼ਰਨ ਵਿਚ ਨੌਰੰਗਾਬਾਦ ਆ ਗਏ। ਇਸ ਤੋਂ ਪ੍ਰਧਾਨ ਮੰਤਰੀ ਹੀਰਾ ਸਿੰਘ ਡੋਗਰਾ ਅੱਗ ਬਬੂਲਾ ਹੋ ਗਿਆ। ਉਸ ਨੇ ਲਾਹੌਰ ਤੋਂ ਹੁਕਮ ਜਾਰੀ ਕਰਕੇ ਬਾਬਾ ਬੀਰ ਸਿੰਘ ਨੂੰ ਸਰਕਾਰ ਦਾ ਬਾਗੀ ਐਲਾਨ ਦਿੱਤਾ। ਬਾਬਾ ਜੀ ਡੋਗਰਿਆਂ ਦੀਆਂ ਚਾਲਾਂ ਨੂੰ ਭਾਂਪ ਗਏ ਤੇ ਬਾਬਾ ਖੁਦਾ ਸਿੰਘ ਜੀ ਨਾਲ ਵਿਚਾਰ-ਵਟਾਂਦਰਾ ਕਰਕੇ ਨੌਰੰਗਾਬਾਦ ਡੇਰੇ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਜੋ ਭਰਾ ਮਾਰੂ ਜੰਗ ਕਾਰਨ ਇਥੇ ਵੱਡਾ ਨੁਕਸਾਨ ਨਾ ਹੋਵੇ। ਆਪ ਨੇ ਸਿੱਖ ਸਰਦਾਰਾਂ, ਘੋੜ ਸਵਾਰਾਂ ਤੇ ਹਜ਼ਾਰਾਂ ਤਿਆਰ ਬਰ ਤਿਆਰ ਸਿੰਘਾਂ ਸਮੇਤ ਹਰੀ ਕੇ ਪੱਤਣ, ਮੁੱਠਿਆਂਵਾਲਾ ਵੱਲ ਨੂੰ ਚਾਲੇ ਪਾ ਦਿੱਤੇ। ਲਾਹੌਰ ਦਰਬਾਰ ਦੀਆਂ ਫੌਜਾਂ ਨੇ ਵੀਹ ਹਜ਼ਾਰ ਸੈਨਿਕਾਂ, ਪੰਜਾਹ ਤੋਪਾਂ ਤੇ ਪੰਜ ਸੌ ਦੇ ਕਰੀਬ ਜੰਬੂਰਾਂ ਨਾਲ ਮੁੱਠਿਆਂਵਾਲਾ ਨੇੜੇ ਪਿੰਡ ਲੱਲਾਂ ਵਾਲਾ (ਭੰਗਾਲਾ) ਵਿਖੇ ਬਾਬਾ ਜੀ, ਸਿੱਖ ਸੰਗਤ ਤੇ ਸਿੱਖ ਸਰਦਾਰਾਂ ਨੂੰ ਘੇਰਾ ਲਿਆ। ਜਦੋਂ ਬਾਬਾ ਜੀ ਨੇ ਸ਼ਰਨ ਆਏ ਸਿੱਖ ਸਰਦਾਰਾਂ ਨੂੰ ਲਾਹੌਰ ਦਰਬਾਰ ਨੂੰ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਫਿਰ ਇਕਪਾਸੜ ਜੰਗ ਸ਼ੁਰੂ ਹੋ ਗਈ। ਬਾਬਾ ਜੀ ਪਾਸ ਹਜ਼ਾਰਾਂ ਸਿੰਘ, ਸਿੱਖ ਸਰਦਾਰ ਹਥਿਆਰਬੰਦ ਤੇ ਹੋਰ ਤਿਆਰ ਬਰ ਤਿਆਰ ਫੌਜਾਂ ਸਨ ਪਰ ਬਾਬਾ ਜੀ ਨੇ ਉਨ੍ਹਾਂ ਨੂੰ ਇਸ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਕਿਸੇ ’ਤੇ ਵਾਰ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ ਸੀ। ਇਸ ਇਕਪਾਸੜ ਲੜਾਈ ਵਿਚ ਲੋਥਾਂ ਦੇ ਅੰਬਾਰ ਲੱਗ ਗਏ। ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ ਸਮੇਤ ਹਜ਼ਾਰਾਂ ਸਿੱਖ ਸਰਦਾਰ ਤੇ ਸੰਗਤਾਂ ਮਾਰੀਆਂ ਗਈਆਂ। ਜਵਾਹਰ ਸਿੰਘ ਨਲੂਆ ਸਮੇਤ ਅਨੇਕਾਂ ਸਿੱਖ ਸੰਗਤਾਂ ਜ਼ਖ਼ਮੀ ਹੋ ਗਈਆਂ। ਇਸ ਤੋਂ ਬਾਅਦ ਬੁਰਛਿਆਂ ਨੇ ਬਾਬਾ ਬੀਰ ਸਿੰਘ ’ਤੇ ਗੋਲੀਆਂ ਤੇ ਗੋਲਿਆਂ ਦੀ ਵਾਛੜ ਕਰ ਦਿੱਤੀ। ਬਾਬਾ ਜੀ ਦੇ ਸਰੀਰ ਤੇ ਕੁੱਲ 18 ਗੋਲੀਆਂ ਲੱਗੀਆਂ ਤੇ 27 ਵਿਸਾਖ ਸੰਮਤ 1901 (ਬਿ 9 ਮਈ ਸੰਨ 1844 ਈ.) ਨੂੰ ਬਾਬਾ ਜੀ ਮੁੱਠਿਆਂ ਵਾਲਾ ਨੇੜੇ ਲੱਲਾਂ ਵਾਲਾ ਥੇਹ (ਭੰਗਾਲਾ) ਵਿਖੇ 76 ਸਾਲ ਦੀ ਉੱਤਮ ਜੀਵਨ ਯਾਤਰਾ ਸਫਲ ਕਰਦੇ ਹੋਏ ਤੇ ਸ਼ਾਂਤਮਈ ਰਹਿੰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਬਾਬਾ ਜੀ ਦੀ ਇਹ ਅਦੁੱਤੀ ਤੇ ਲਾਸਾਨੀ ਸ਼ਹਾਦਤ ਸੀ। ਅੱਜ ਬਾਬਾ ਬੀਰ ਸਿੰਘ ਜੀ ਦਾ 182ਵਾਂ ਸ਼ਹੀਦੀ ਦਿਹਾੜਾ ਬਾਬਾ ਬੀਰ ਸਿੰਘ ਜੀ ਦੀ ਯਾਦ ਵਿਚ ਬਣਾਏ ਗਏ ਗੁਰਦੁਆਰਿਆਂ ਵਿਚ ਵੱਡੀ ਪੱਧਰ ’ਤੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹਾਂ ਅਸਥਾਨਾਂ ਵਿਚ ਮੁੱਖ ਤੌਰ ’ਤੇ ਬਾਬਾ ਜੀ ਦਾ ਜਨਮ ਅਸਥਾਨ ਨਗਰ ਗੱਗੋਬੂਹਾ, ਨੌਰੰਗਾਬਾਦ, ਅੰਗੀਠਾ ਸਾਹਿਬ ਪਿੰਡ ਮੁੱਠਿਆਂਵਾਲਾ, ਰੱਤੋਕੇ (ਤਰਨਤਾਰਨ) ਤੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਟਿੱਬਾ (ਕਪੂਰਥਲਾ) ਸ਼ਾਮਲ ਹਨ, ਜਿਥੇ ਨਤਮਸਤਕ ਹੋ ਕੇ ਸੰਗਤਾਂ ਬਾਬਾ ਬੀਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਸੁਮਨ ਅਰਪਿਤ ਕਰ ਰਹੀਆਂ ਹਨ। ਮੁਖਤਾਰ ਸਿੰਘ ਚੰਦੀ ਸੁਲਤਾਨਪੁਰ ਲੋਧੀ 7814359736