ਬੰਦ ਪਈ ਕੋਠੀ ’ਚ ਵੜੇ ਚੋਰ, ਲੋਕਾਂ ਨੇ ਕੀਤੇ ਕਾਬੂ
ਬੰਦ ਪਈ ਕੋਠੀ ਚ ਬੜੇ ਚੋਰ ਲੋਕਾਂ ਨੇ ਕੀਤੇ ਕਾਬੂ
Publish Date: Fri, 24 Apr 2026 07:57 PM (IST)
Updated Date: Fri, 24 Apr 2026 08:01 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੇ ਨਜ਼ਦੀਕੀ ਇਲਾਕੇ ਅਰਬਨ ਅਸਟੇਟ ਦੇ ਕੋਠੀ ਨੰਬਰ 586 ਵਿੱਚ ਚੋਰੀ ਕਰਨ ਦੀ ਨੀਅਤ ਨਾਲ ਵੜੇ ਦੋ ਮੁਲਜ਼ਮਾਂ ਨੂੰ ਮੁਹੱਲਾ ਵਾਸੀਆਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ। ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਵਾਸੀ ਗੜੀ ਮਹਾ ਸਿੰਘ ਅਪਰਾ ਨੇ ਦੱਸਿਆ ਕਿ ਕੋਠੀ ਨੰਬਰ 586 ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੈ। ਰਿਸ਼ਤੇਦਾਰ ਜਗਮੋਹਣ ਸਿੰਘ ਜੋ ਕਿ ਇੰਗਲੈਂਡ ਵਿੱਚ ਰਹਿੰਦੇ ਹਨ, ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਕੋਠੀ ਵਿੱਚ ਕੁਝ ਲੋਕ ਰਹਿੰਦੇ ਸਨ। ਪਰ ਇੱਕ ਸਾਲ ਤੋਂ ਇਹ ਖਾਲੀ ਪਈ ਕੋਠੀ ਹੈ। ਜਿਸ ਵਿੱਚ ਦੋ ਚੋਰ ਵੜ ਗਏ ਅਤੇ ਬਾਥਰੂਮ ਕਿਚਨ ਅਤੇ ਹੋਰ ਲੱਗੀਆਂ ਸਾਰੀਆਂ ਟੂਟੀਆਂ ਨੂੰ ਉਤਾਰ ਲਿਆ। ਉਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਕੋਠੀ ਵਿੱਚ ਕੋਈ ਚੋਰ ਵੜੇ ਹੋਏ ਹਨ, ਜਦੋਂ ਉਹ ਵੀ ਮੌਕੇ ’ਤੇ ਪਹੁੰਚ ਗਏ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ ਤੇ ਦੋਵੇਂ ਮੁਲਜ਼ਮਾਂ ਨੂੰ ਉਤਾਰੀਆਂ ਹੋਈਆਂ ਟੂਟੀਆਂ ਅਤੇ ਹੋਰ ਸਾਮਾਨ ਨਾਲ ਕਾਬੂ ਕੀਤਾ। ਮੌਕੇ ’ਤੇ ਪੁੱਜੇ ਏਐੱਸਆਈ ਤੀਰਥ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕੋਠੀ ਨੰਬਰ 586 ਵਿੱਚ ਚੋਰੀ ਦੀ ਨੀਅਤ ਨਾਲ ਕੁਝ ਲੋਕ ਵੜ ਗਏ ਹਨ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੋ ਮੁਲਜ਼ਮ ਅਲਮਾਰੀ ਵਿੱਚ ਲੁਕੇ ਹੋਏ ਸਨ। ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ ਫਗਵਾੜਾ ਲਿਜਾਇਆ ਜਾ ਰਿਹਾ ਹੈ ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।