ਸ਼ਹਿਰ ਨੂੰ ਸੁੰਦਰ ਬਣਾਉਣਾ ਸਿਰਫ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਹੀਂ : ਰਾਜੂ
ਸ਼ਹਿਰ ਨੂੰ ਸੁੰਦਰ ਸਵੱਛ ਬਣਾਉਣਾ ਸਿਰਫ ਨਗਰ ਕੌਂਸਲ ਦੀ ਜਿੰਮੇਵਾਰੀ ਨਹੀਂ : ਦੀਪਕ ਧੀਰ ਰਾਜੂ
Publish Date: Wed, 11 Mar 2026 10:33 PM (IST)
Updated Date: Wed, 11 Mar 2026 10:36 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਸਵੱਛ ਸੁੰਦਰ ਤੇ ਵਿਵਸਥਿਤ ਬਣਾਉਣਾ ਸਿਰਫ ਨਗਰ ਕੌਂਸਲ ਦਾ ਹੀ ਨਹੀਂ, ਸਗੋਂ ਸਾਰੇ ਨਗਰ ਨਿਵਾਸੀਆਂ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਕੂੜੇ ਦੇ ਅਸਥਾਈ ਡੰਪਾਂ ਬਾਰੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਹ ਕੂੜੇ ਦੇ ਡੰਪ ਸ਼ਹਿਰ ਦੀ ਸੁੰਦਰਤਾ ਤੇ ਵਿਕਾਸ ਵਿਚ ਸਭ ਤੋਂ ਵੱਡੀ ਰੁਕਾਵਟ ਬਣ ਕੇ ਉਭਰ ਰਹੇ ਹਨ, ਜਿਸ ਸਬੰਧੀ ਨਗਰ ਕੌਂਸਲ ਵੱਲੋਂ ਘਰ-ਘਰ ਜਾ ਕੇ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਦੇ ਪ੍ਰਬੰਧ ਕੀਤੇ ਹੋਏ ਹਨ ਪਰ ਕੁਝ ਲੋਕ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਜਾਣ-ਬੁੱਝ ਕੇ ਜਗ੍ਹਾ-ਜਗ੍ਹਾ ’ਤੇ ਕੂੜੇ ਦੇ ਲਿਫਾਫੇ ਸੁੱਟ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਕੋਈ ਕਾਰਵਾਈ ਕਰਦਾ ਹੈ ਤਾਂ ਵੋਟਾਂ ਦੀ ਰਾਜਨੀਤੀ ਚੰਗੇ ਕੰਮ ਵਿਚ ਰੁਕਾਵਟ ਬਣਦੀ ਹੈ। ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਅੱਜ ਜਿਹੜੇ ਵਿਰੋਧੀ ਧਿਰ ਦੇ ਆਗੂ ਨਗਰ ਕੌਂਸਲ ਚੋਣਾਂ ਨੂੰ ਵੇਖ ਕੇ ਰੌਲਾ ਪਾ ਰਹੇ ਹਨ, ਦਰਅਸਲ ਇਹੋ ਆਗੂ ਅਜਿਹੇ ਲੋਕਾਂ ਨੂੰ ਕਥਿਤ ਤੌਰ ’ਤੇ ਸ਼ਹਿ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹੇ ਕੰਮ ਵਿਚ ਰਾਜਨੀਤੀ ਨਾ ਆਵੇ ਤਾਂ ਸਾਡਾ ਸ਼ਹਿਰ ਸਭ ਤੋਂ ਸੁੰਦਰ ਬਣੇਗਾ। ਸ਼ਹਿਰ ਵਿਚ ਦੁਕਾਨਾਂ ਦੇ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਲੱਗ ਰਹੇ ਜਾਮ ਨੂੰ ਲੈ ਕੇ ਵੀ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਅਪੀਲ ਕੀਤੀ ਕਿ ਨਜਾਇਜ਼ ਕਬਜ਼ਿਆਂ ਦੇ ਖਾਤਮੇ ਲਈ ਹਰ ਦੁਕਾਨਦਾਰ ਨੂੰ ਨਗਰ ਕੌਂਸਲ ਦਾ ਸਹਿਯੋਗ ਕਰਦਿਆਂ ਸੜਕਾਂ ’ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਸਵੈ ਇੱਛਾ ਨਾਲ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਬਾਜ਼ਾਰਾਂ ਵਿਚ ਭੀੜ ਦੌਰਾਨ ਆਪਣੇ ਵਾਹਨ ਸੜਕਾਂ ’ਤੇ ਖੜ੍ਹੇ ਕਰਨ ਦੀ ਬਜਾਏ ਠੀਕ ਢੰਗ ਨਾਲ ਸਾਈਡ ’ਤੇ ਖੜੇ ਕਰਨ ਤਾਂ ਕਾਫੀ ਹੱਦ ਤੱਕ ਟਰੈਫਿਕ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ ਤਾਂ ਜੋ ਆਵਾਜਾਈ ਸੁਚਾਰੂ ਰੂਪ ਵਿਚ ਚਲਦੀ ਰਹੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰਨ ਵਾਲੇ ਕਾਰਕਾਂ ਨੂੰ ਹਟਾਉਣ ਲਈ ਜਨਤਾ ਤੇ ਪ੍ਰਸ਼ਾਸਨ ਵਿਚਕਾਰ ਬੇਹਤਰ ਤਾਲਮੇਲ ਹੋਣਾ ਜ਼ਰੂਰੀ ਹੈ। ਪ੍ਰਧਾਨ ਦੀਪਕ ਧੀਰ ਰਾਜੂ ਨੇ ਨੌਜਵਾਨਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਕਿ ਉਸ ਵਿਵਸਥਾ ਤੇ ਆਵਾਜਾਈ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿਮ ਚਲਾਉਣ। ਸ਼ਹਿਰ ਵਿਚ ਹਾਲੇ ਵੀ ਸੀਵਰੇਜ ਤੇ ਵਾਟਰ ਸਪਲਾਈ ਦੇ ਅਧੂਰੇ ਕੰਮਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿਮੇਵਾਰ ਹੈ, ਜਿਨਾਂ ਨੇ ਸਾਨੂੰ ਕਦੇ ਵੀ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਹੀ ਨਹੀਂ ਦਿੱਤਾ ਤੇ ਨਾ ਹੀ ਸਰਕਾਰ ਨੇ ਕੋਈ ਆਪਣੀ ਜ਼ਿੰਮੇਵਾਰੀ ਸਮਝੀ ਤਾਂ ਕਿ ਸ਼ਹਿਰ ਵਿਚ ਚੱਲ ਰਿਹਾ ਵਿਕਾਸ ਕਾਰਜ ਯੋਜਨਾਬੱਧ ਤਰੀਕੇ ਤੇ ਸਮੇਂ ’ਤੇ ਪੂਰਾ ਹੋ ਸਕੇ ਤੇ ਸ਼ਹਿਰ ਨਿਵਾਸੀਆਂ ਨੂੰ ਟੁੱਟੀਆਂ ਸੜਕਾਂ ਤੇ ਟੋਇਆ ਤੇ ਵਾਰ-ਵਾਰ ਸੀਵਰੇਜ ਦੇ ਵਾਟਰ ਸਪਲਾਈ ਦੇ ਲੀਕ ਹੋ ਰਹੇ ਪਾਈਪਾਂ ਤੋਂ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲੇ। ਇਸ ਮੌਕੇ ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਜੈਲਦਾਰ ਮਾਨਵ ਧੀਰ, ਕਰਨੈਲ ਸਿੰਘ ਮਿਰਜ਼ਾਪੁਰ ਆਦਿ ਵੀ ਹਾਜ਼ਰ ਸਨ।