ਸ਼ੇਖੂਪੁਰ 'ਚ ਵੱਡੀ ਵਾਰਦਾਤ: ਵਿਆਹ 'ਤੇ ਗਏ ਪਰਿਵਾਰ ਦੀ ਕੋਠੀ 'ਚੋਂ ਲੱਖਾਂ ਦੀ ਨਕਦੀ ਤੇ 45 ਤੋਲੇ ਸੋਨਾ ਲੈ ਕੇ ਚੋਰ ਫ਼ਰਾਰ ; ਪੁਲਿਸ ਨੇ ਡੌਗ ਸਕੁਐਡ ਰਾਹੀਂ ਸ਼ੁਰੂ ਕੀਤੀ ਜਾਂਚ
ਕਪੂਰਥਲਾ ਦੇ ਵਾਰਡ ਨੰਬਰ 34 ਸ਼ੇਖੂਪੁਰ ਵਿੱਚ ਬੀਤੀ ਰਾਤ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭਗ 75 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ, ਚਾਂਦੀ, ਕੈਸ਼ ਅਤੇ ਹੋਰ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਸੁਮਿਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ ਰਾਤ 9 ਵਜੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਸਤੇ ਹੁਸ਼ਿਆਰਪੁਰ ਗਏ ਹੋਏ ਸਨ ਤੇ ਜਦੋਂ ਵਿਆਹ ਸਮਾਗਮ ਤੋਂ ਰਾਤ ਕਰੀਬ ਢਾਈ ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ।
Publish Date: Thu, 12 Mar 2026 03:20 PM (IST)
Updated Date: Thu, 12 Mar 2026 03:25 PM (IST)

ਅਮਰੀਕ ਸਿੰਘ ਮੱਲ੍ਹੀ/ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਦੇ ਵਾਰਡ ਨੰਬਰ 34 ਸ਼ੇਖੂਪੁਰ ਵਿੱਚ ਬੀਤੀ ਰਾਤ ਚੋਰਾਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭਗ 75 ਲੱਖ ਰੁਪਏ ਦੇ ਕਰੀਬ ਸੋਨੇ ਦੇ ਗਹਿਣੇ, ਚਾਂਦੀ, ਕੈਸ਼ ਅਤੇ ਹੋਰ ਸਮਾਨ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਸੁਮਿਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੀਬ ਰਾਤ 9 ਵਜੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਸਤੇ ਹੁਸ਼ਿਆਰਪੁਰ ਗਏ ਹੋਏ ਸਨ ਤੇ ਜਦੋਂ ਵਿਆਹ ਸਮਾਗਮ ਤੋਂ ਰਾਤ ਕਰੀਬ ਢਾਈ ਵਜੇ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ।
ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਘਰ ਲੱਗੇ ਹੋਏ ਸੀਸੀ ਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੀ ਜਗ੍ਹਾ ਉੱਤੇ ਨਹੀਂ ਸੀ। ਉਸਨੇ ਦੱਸਿਆ ਕਿ ਜਦੋਂ ਘਰ ਦੇ ਕਮਰਿਆਂ ਵਿੱਚ ਪਈਆਂ ਅਲਮਾਰੀਆ ਨੂੰ ਦੇਖਿਆ ਗਿਆ ਤਾਂ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ ਅਤੇ ਵਿੱਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਉਸ ਵਿੱਚ ਸਾਡੇ ਪਰਿਵਾਰ ਦਾ ਸਾਂਝਾ ਸੋਨਾ ਜਿਸ ਵਿੱਚ ਮੇਰੀ ਮਾਤਾ ਰੀਟਾ ਨਈਅਰ ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦੇ ਹਨ, ਇੱਕ ਭੈਣ ਜੋ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਮੇਰੀ ਪਤਨੀ ਆਦਿ ਤਿੰਨਾਂ ਦਾ ਕੁੱਲ ਮਿਲਾ ਕੇ 45 ਤੋਲੇ ਦੇ ਕਰੀਬ ਸੋਨਾ, ਅੱਧਾ ਕਿਲੋ ਚਾਂਦੀ, 4 ਲੱਖ ਦੇ ਕਰੀਬ ਕੈਸ਼, ਇੱਕ ਹਜ਼ਾਰ ਡਾਲਰ ਅਮਰੀਕਾ, ਇਕ ਨਵਾਂ ਟੈਬਲੇਟ ਚੋਰ ਚੋਰੀ ਕਰਕੇ ਲੈ ਗਏ।
ਇਸ ਸਬੰਧੀ ਉਹਨਾਂ ਵੱਲੋਂ ਥਾਣਾ ਸਿਟੀ ਕਪੂਰਥਲਾ ਵਿਖੇ ਚੋਰੀ ਸਬੰਧੀ ਹੋਈ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਥਾਣਾ ਸਿਟੀ ਪੁਲਿਸ ਨੇ ਮੌਕਾ ਮੁਆਇਨਾ ਕਰਕੇ ਆਸ-ਪਾਸ ਲੱਗੇ ਸੀਸੀ ਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ, ਇਸ ਤੋਂ ਉਪਰੰਤ ਸਵੇਰੇ ਡੌਗ ਸਕੁਐਡ ਕਪੂਰਥਲਾ ਦੀ ਟੀਮ ਵੱਲੋਂ ਵੀ ਮੌਕੇ ਦੀ ਜਾਂਚ ਕੀਤੀ ਗਈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਚੋਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਪਰਿਵਾਰਿਕ ਆਗੂ ਸੁਮਿਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਵੇ।