ਫਗਵਾੜਾ ’ਚ 30 ਮਈ ਨੂੰ ਕਰਵਾਇਆ ਜਾਵੇਗਾ ਮਹਾਨ ਕੀਰਤਨ ਦਰਬਾਰ
ਫਗਵਾੜਾ ਵਿਖੇ 30 ਮਈ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਸਬੰਧੀ ਕਰਵਾਇਆ ਜਾਵੇਗਾ ਮਹਾਨ ਕੀਰਤਨ ਦਰਬਾਰ
Publish Date: Fri, 29 May 2026 07:33 PM (IST)
Updated Date: Fri, 29 May 2026 07:34 PM (IST)

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 30 ਮਈ ਨੂੰ ਫਗਵਾੜਾ ਵਿਖੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ ਦੇ ਸਾਹਮਣੇ ਸਥਿਤ ਸਰਕਾਰੀ ਮਿਡਲ ਸਕੂਲ ਦੀ ਗਰਾਊਂਡ ਜੀਟੀ ਰੋਡ ਚੱਕ ਹਕੀਮ ਵਿਖੇ ਮਹਾਨ ਕੀਰਤਨ ਦਰਬਾਰ 30 ਮਈ ਨੂੰ ਕਰਵਾਇਆ ਜਾ ਜਾਵੇਗਾ। ਇਸ ਸਬੰਧੀ ਲੋਕ ਸਭਾ ਮੈਂਬਰ (ਐੱਮਪੀ) ਡਾ. ਰਾਜ ਕੁਮਾਰ ਚੱਬੇਵਾਲ ਤੇ ਸਲਾਹਕਾਰ ਦੀਪਕ ਬਾਲੀ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਗਿਆ ਕਿ ਸਮਾਗਮ ਸਬੰਧੀ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਇਹ ਸਮਾਗਮ ਬਹੁਤ ਹੀ ਇਤਿਹਾਸਕ ਤੇ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਸਲਾਹਕਾਰ ਟੂਰਿਜ਼ਮ ਵਿਭਾਗ ਦੀਪਕ ਬਾਲੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਪੂਰੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਕਿ ਇਸ 650ਵੇਂ ਪ੍ਰਕਾਸ਼ ਉਤਸਵ ਨੂੰ ਬੇਹੱਦ ਸ਼ਰਧਾ, ਉਤਸ਼ਾਹ ਤੇ ਯਾਦਗਾਰੀ ਤਰੀਕੇ ਨਾਲ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ 30 ਮਈ ਨੂੰ ਕੀਰਤਨ ਦਰਬਾਰ ਸ਼ਾਮ 5:30 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਜੋ ਕਿ 8:30 ਵਜੇ ਤੱਕ ਚੱਲੇਗਾ। ਇਸ ਕੀਰਤਨ ਦਰਬਾਰ ਵਿਚ ਭਾਈ ਦਵਿੰਦਰ ਸਿੰਘ ਸੋਢੀ (ਰਾਗੀ, ਲੁਧਿਆਣੇ ਵਾਲੇ), ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ) ਤੇ ਭਾਈ ਗੁਰਮੀਤ ਸਿੰਘ ਜੀ (ਕਥਾ ਵਿਚਾਰ) ਵੱਲੋਂ ਆਪਣੇ ਕੀਰਤਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਸੰਗਤ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਕੀਰਤਨ ਦਰਬਾਰ ਵਿਚ ਸ਼ਿਰਕਤ ਕਰਨ। ਸਮਾਗਮ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਮਾਗਮ ਵਾਲੀ ਥਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵਿਸ਼ੇਸ਼ ਸਫਾਈ ਮੁਹਿੰਮ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੰਗਤਾਂ ਲਈ ਸਾਫ਼ ਪੀਣ ਵਾਲੇ ਪਾਣੀ, ਆਰਜ਼ੀ ਪਖਾਨੇ ਤੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪਾਂ ਸਮੇਤ ਐਂਬੂਲੈਂਸਾਂ ਤਾਇਨਾਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਮਾਗਮ ਵਾਲੀ ਥਾਂ ਤੇ ਇਕ ਹਵਾਦਾਰ ਤੇ ਵਿਸ਼ਾਲ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਮੇਅਰ ਰਾਮਪਾਲ ਉਪਲ, ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।