ਨਡਾਲਾ ਤੇ ਲੱਖਣ ਕੇ ਪੱਡਾ ’ਚ ਲਿਫਟਿੰਗ ਠੱਪ, ਪਰਵਾਸੀ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ
ਨਡਾਲਾ ਅਤੇ ਲੱਖਣ ਕੇ ਪੱਡਾ ਅਨਾਜ ਮੰਡੀਆਂ ਵਿੱਚ ਲਿਫਟਿੰਗ ਠੱਪ, ਪਰਵਾਸੀ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Tue, 19 May 2026 08:52 PM (IST)
Updated Date: Tue, 19 May 2026 08:55 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਡਾਲਾ ਤੇ ਲੱਖਣ ਕੇ ਪੱਡਾ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਮਜ਼ਦੂਰਾਂ, ਆੜਤੀਆਂ ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਕਈ ਦਿਨਾਂ ਤੋਂ ਕਣਕ ਦੇ ਢੇਰ ਲੱਗੇ ਹੋਣ ਕਾਰਨ ਜਿਥੇ ਜਗ੍ਹਾ ਦੀ ਘਾਟ ਬਣ ਗਈ ਹੈ, ਉੱਥੇ ਹੀ ਮਜ਼ਦੂਰਾਂ ਦਾ ਕੰਮਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਗੁੱਸੇ ਵਿਚ ਆਏ ਪਰਵਾਸੀ ਮਜ਼ਦੂਰਾਂ ਨੇ ਨਡਾਲਾ ਅਨਾਜ ਮੰਡੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਕਣਕ ਦੀ ਲਿਫਟਿੰਗ ਵਿਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਮੰਡੀਆਂ ਦੇ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਲਿਫਟਿੰਗ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਸਬੰਧਤ ਵਿਭਾਗ ਨੂੰ 20 ਮਈ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਤਾਰੀਖ ਤੱਕ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਉਹ ਮੰਡੀਆਂ ਵਿਚ ਕੰਮ ਬੰਦ ਕਰ ਦੇਣਗੇ ਤੇ ਅਗਲੇ ਸੀਜ਼ਨ ਵਿਚ ਕੰਮ ਕਰਨ ਤੋਂ ਇਨਕਾਰ ਕਰ ਸਕਦੇ ਹਨ। ਮਜ਼ਦੂਰਾਂ ਤੇ ਆੜਤੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਪਰੇਸ਼ਾਨੀ ਮਾਰਕਫੈੱਡ ਨਾਲ ਸਬੰਧਤ ਆੜਤੀਆਂ ਤੇ ਮਜ਼ਦੂਰਾਂ ਨੂੰ ਆ ਰਹੀ ਹੈ। ਉਨ੍ਹਾਂ ਦੇ ਅਨੁਸਾਰ ਮਾਰਕਫੈੱਡ ਵੱਲੋਂ ਇਸ ਸੀਜ਼ਨ ਦੌਰਾਨ 1 ਲੱਖ 21 ਹਜ਼ਾਰ 402 ਬੋਰੀ ਕਣਕ ਦੀ ਖਰੀਦ ਕੀਤੀ ਗਈ ਸੀ, ਪਰ ਇਸ ਵਿਚੋਂ ਕਰੀਬ 90 ਹਜ਼ਾਰ ਬੋਰੀ ਅਜੇ ਵੀ ਮੰਡੀਆਂ ਵਿਚ ਪਈ ਹੋਈ ਹੈ। ਉਧਰ ਲੱਖਣ ਕੇ ਪੱਡਾ ਅਨਾਜ ਮੰਡੀ ਦੇ ਵੀ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਹਨ। ਆੜਤੀ ਸੋਹਣ ਸਿੰਘ ਪੱਡਾ, ਅਮਰੀਕ ਸਿੰਘ ਬਰਾੜ ਤੇ ਹੋਰਾਂ ਨੇ ਦੱਸਿਆ ਕਿ ਲਿਫਟਿੰਗ ਲਈ ਨਾ ਤਾਂ ਸਮੇਂ ਸਿਰ ਗੱਡੀਆਂ ਮਿਲ ਰਹੀਆਂ ਹਨ ਤੇ ਨਾ ਹੀ ਲੇਬਰ, ਜਿਸ ਕਾਰਨ ਉਹ ਆਪਣੇ ਖਰਚੇ ’ਤੇ ਮੰਡੀ ਵਿਚੋਂ ਕਣਕ ਚੁਕਵਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਅਜੇ ਵੀ ਕਣਕ ਦੇ ਢੇਰਾਂ ਦੇ ਅੰਬਾਰ ਲੱਗੇ ਹੋਏ ਹਨ। ਮਜ਼ਦੂਰਾਂ ਤੇ ਆੜਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚੋਂ ਤੁਰੰਤ ਕਣਕ ਦੀ ਲਿਫਟਿੰਗ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ, ਤਾਂ ਜੋ ਮੰਡੀਆਂ ਵਿਚ ਬਣੀ ਗੰਭੀਰ ਸਥਿਤੀ ਨੂੰ ਸੰਭਾਲਿਆ ਜਾ ਸਕੇ।