ਕੁਦਰਤ ਨਾਲ ਸੁਮੇਲ ਹੀ ਜ਼ਿੰਦਗੀ ਹੈ : ਪ੍ਰਿੰ. ਅਮਨਦੀਪ
ਕੁਦਰਤ ਨਾਲ ਸੁਮੇਲ ਹੀ ਜ਼ਿੰਦਗੀ ਹੈ : ਪ੍ਰਿੰਸੀਪਲ ਮਿਸ ਅਮਨਦੀਪ
Publish Date: Tue, 05 May 2026 09:02 PM (IST)
Updated Date: Tue, 05 May 2026 09:05 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਕੁਦਰਤ ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਹੈ, ਜੋ ਧਰਤੀ 'ਤੇ ਜੀਵਨ ਦਾ ਆਧਾਰ ਹੈ। ਇਹ ਪਹਾੜਾਂ, ਨਦੀਆਂ, ਜੰਗਲਾਂ ਤੇ ਜੀਵ-ਜੰਤੂਆਂ ਦਾ ਇਕ ਅਨੋਖਾ ਸੰਤੁਲਨ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕੁਦਰਤ ਨੂੰ ਰੱਬ ਦਾ ਰੂਪ ਮੰਨਿਆ ਹੈ, ਜਿਵੇਂ ‘ਬਲਿਹਾਰੀ ਕੁਦਰਤਿ ਵਸਿਆ’। ਕੁਦਰਤ ਸਾਨੂੰ ਸਾਫ਼ ਹਵਾ, ਪਾਣੀ ਤੇ ਭੋਜਨ ਪ੍ਰਦਾਨ ਕਰਦੀ ਹੈ, ਜਿਸ ਤੋਂ ਬਿਨਾਂ ਮਨੁੱਖੀ ਜੀਵਨ ਅਸੰਭਵ ਹੈ। ਮਨੁੱਖ ਨੇ ਕੁਦਰਤ ਤੋਂ ਬਹੁਤ ਕੁਝ ਸਿੱਖਿਆ ਹੈ, ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਭ ਕੁਝ ਹੀ ਕੁਦਰਤ ਦੇ ਨਿਯਮ ਵਿਚੋਂ ਲੱਭਿਆ ਤੇ ਵਿਕਸਿਤ ਕੀਤਾ ਗਿਆ ਹੈ। ਮਨੁੱਖ ਨੇ ਜਿੰਨਾ ਵੀ ਵਿਗਿਆਨਕ ਨਿਯਮਾਂ ਨੂੰ ਅੱਜ ਸਮਝਿਆ ਹੈ, ਉਹ ਜ਼ਰੂਰ ਉਸਦੀ ਬੁੱਧੀ ਦਾ ਨਤੀਜਾ ਹੈ, ਪਰ ਉਸ ਨੇ ਸਿੱਖਿਆ ਕੁਦਰਤ ਕੋਲੋਂ ਹੈ। ਫਿਰ ਵੀ ਕਿਉਂ ਸਾਰੀ ਮਨੁੱਖਤਾ ਕੁਦਰਤ ਨੂੰ ਪਿਆਰ ਕਰਨ, ਹਮਦਰਦੀ ਵਾਲੀ ਸਾਂਝ ਰੱਖਣ ਤੋਂ ਦੂਰ ਹੋ ਰਹੀ ਹੈ। ਮਨੁੱਖੀ ਦਿਮਾਗ ਨੇ ਬਹੁਤ ਕੁਝ ਕੁਦਰਤ ਤੋਂ ਸਿੱਖ ਕੇ, ਇਨ੍ਹਾਂ ਨੂੰ ਖੂਬਸੂਰਤੀ ਪ੍ਰਦਾਨ ਕੀਤੀ ਹੈ। ਜੰਗਲ-ਝਾੜੀਆਂ ਨੂੰ ਸੁਹਣਾ ਬਣਾਇਆ ਹੈ, ਅੱਜ ਕੈਕਟਸ ਵੀ ਸ਼ਿੰਗਾਰ ਦੇ ਰੂਪ ਵਿਚ ਪੇਸ਼ ਹੋਇਆ ਹੈ। ਕੁਦਰਤ ਨਾਲ ਸੁਮੇਲ ਹੀ ਜ਼ਿੰਦਗੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਆਮੀ ਆਨੰਦ ਗਿਰੀ ਜੀ ਮਹਾਰਾਜ ਮੈਮੋਰੀਅਲ ਸਕੂਲ ਦੀ ਪ੍ਰਿੰਸੀਪਲ ਮਿਸ ਅਮਨਦੀਪ ਨੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਕੀਤਾ। ਕੁਦਰਤ ਦਾ ਨਿਯਮ ਹੈ ਕਿ ਇਸ ਤੋਂ ਜਿੰਨਾ ਵੀ ਕੁਝ ਲਿਆ ਜਾਵੇ ਉਨਾ ਹੀ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਵਾਪਸ ਵੀ ਕਰਨਾ ਪੈਂਦਾ ਹੈ, ਜਿਵੇਂ ਇਕ ਦਰੱਖਤ ਕੱਟਣ ’ਤੇ ਦੂਜਾ ਦਰੱਖ਼ਤ ਜ਼ਰੂਰ ਲਾਇਆ ਜਾਵੇ, ਫੈਕਟਰੀਆਂ ਵਿਚੋਂ ਨਿਕਲਦੇ ਧੂੰਏਂ ਤੇ ਰਸਾਇਣਿਕ ਪਦਾਰਥਾਂ ਨੂੰ ਸ਼ੁੱਧ ਕਰਨ ਦੇ ਪ੍ਰਬੰਧ ਕੀਤੇ ਜਾਣ। ਸੋ ਆਉ ਰਲ ਕੇ ਵੱਧ ਤੋਂ ਵੱਧ ਦਰੱਖਤ ਲਗਾਈਏ ਤੇ ਆਉਣ ਵਾਲੀ ਪੀੜ੍ਹੀ, ਭਵਿੱਖ ਨੂੰ ਸ਼ੁੱਧ ਤੇ ਹਰਿਆਵਲਤਾ ਭਰਿਆ ਵਾਤਾਵਰਨ ਦੇ ਸਕੀਏ ਤਾਂ ਕਿ ਉਹ ਵੀ ਭਿਆਨਕ ਬਿਮਾਰੀਆਂ ਤੋਂ ਦੂਰ ਰਹਿਣ।