ਲੈਪਟੋਸਪਾਈਰੋਸਿਸ: ਪਸ਼ੂਆਂ ਤੇ ਮਨੁੱਖਾਂ ਲਈ ਵਧਦਾ ਖਤਰਾ : ਡਾ. ਸੁਮਿਤ ਸਿੰਘ
ਲੈਪਟੋਸਪਾਈਰੋਸਿਸ: ਪਸ਼ੂਆਂ ਤੇ ਮਨੁੱਖਾਂ ਲਈ ਵਧਦਾ ਖਤਰਾ, ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ : ਡਾ. ਸੁਮਿਤ ਸਿੰਘ
Publish Date: Thu, 09 Apr 2026 10:58 PM (IST)
Updated Date: Thu, 09 Apr 2026 11:02 PM (IST)

ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਲੈਪਟੋਸਪਾਈਰੋਸਿਸ ਇਕ ਉਭਰਦੀ ਹੋਈ ਤੇ ਅਕਸਰ ਅਣਦੇਖੀ ਰਹਿ ਜਾਣ ਵਾਲੀ ਜੂਨੋਟਿਕ ਬੀਮਾਰੀ ਹੈ, ਜੋ ਲੈਪਟੋਸਪਾਈਰਾ ਨਾਮਕ ਬੈਕਟੀਰੀਆ ਕਾਰਨ ਫੈਲਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਮਿਤ ਸਿੰਘ (ਐੱਮਵੀਐੱਸਸੀ), ਵੈਟਨਰੀ ਅਫਸਰ ਕਮਾਲਪੁਰ ਨੇ ਦੱਸਿਆ ਕਿ ਇਹ ਬੀਮਾਰੀ ਪਸ਼ੂਆਂ, ਕੁੱਤਿਆਂ ਤੇ ਜੰਗਲੀ ਜਾਨਵਰਾਂ ਤੋਂ ਮਨੁੱਖਾਂ ਤੱਕ ਆਸਾਨੀ ਨਾਲ ਫੈਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੰਕਰਮਿਤ ਜਾਨਵਰਾਂ ਦੇ ਪਿਸ਼ਾਬ, ਗੰਦੇ ਪਾਣੀ ਤੇ ਮਿੱਟੀ ਨਾਲ ਸੰਪਰਕ ਇਸ ਬੀਮਾਰੀ ਦੇ ਮੁੱਖ ਕਾਰਨ ਹਨ। ਇਹ ਰੋਗ ਮਨੁੱਖਾਂ ਵਿਚ ਬੁਖਾਰ, ਜਿਗਰ ਤੇ ਗੁਰਦੇ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਡਾ. ਸੁਮਿਤ ਸਿੰਘ ਨੇ ਕਿਹਾ ਕਿ ਪਸ਼ੂਆਂ ਵਿਚ ਇਸ ਦੇ ਲੱਛਣਾਂ ਵਿਚ ਗਰਭਪਾਤ, ਕਮਜ਼ੋਰ ਜਾਂ ਮਰੇ ਹੋਏ ਬੱਚਿਆਂ ਦਾ ਜਨਮ ਤੇ ਦੁੱਧ ਦੀ ਉਤਪਾਦਨ ਵਿਚ ਕਮੀ ਆਉਣਾ ਸ਼ਾਮਲ ਹੈ। ਕੁੱਤਿਆਂ ਵਿਚ ਬੁਖਾਰ, ਉਲਟੀਆਂ, ਪੇਟ ਦਰਦ, ਡਾਇਰੀਆ, ਕਮਜ਼ੋਰੀ, ਭੁੱਖ ਘਟਣਾ ਤੇ ਵੱਧ ਪਿਸ਼ਾਬ ਆਉਣਾ ਵਰਗੇ ਲੱਛਣ ਨਜ਼ਰ ਆਉਂਦੇ ਹਨ। ਗੰਭੀਰ ਹਾਲਤ ਵਿਚ ਜਿਗਰ ਤੇ ਗੁਰਦਿਆਂ ਦੀ ਬੀਮਾਰੀ ਨਾਲ ਮੌਤ ਦਾ ਖਤਰਾ ਵੀ ਬਣ ਜਾਂਦਾ ਹੈ। ਮਨੁੱਖਾਂ ਵਿਚ ਇਸ ਦੇ ਲੱਛਣਾਂ ਵਿਚ ਸਿਰਦਰਦ, ਬੁਖਾਰ, ਮਾਸਪੇਸ਼ੀਆਂ ਵਿਚ ਦਰਦ, ਪੇਟ ਦਰਦ, ਉਲਟੀਆਂ, ਡਾਇਰੀਆ, ਅੱਖਾਂ ਵਿਚ ਲਾਲੀ ਤੇ ਪੀਲੀਆ ਆਦਿ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਬੀਮਾਰੀ ਦੀ ਪੁਸ਼ਟੀ ਲਈ ਲੈਬ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਬਚਾਅ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਸੰਕਰਮਿਤ ਪਾਣੀ ਤੇ ਜਾਨਵਰਾਂ ਦੇ ਪਿਸ਼ਾਬ ਤੋਂ ਦੂਰ ਰਹਿਣ, ਪਾਲਤੂ ਜਾਨਵਰਾਂ ਦਾ ਸਮੇਂ-ਸਿਰ ਟੀਕਾਕਰਨ ਕਰਵਾਉਣ ਤੇ ਜਾਨਵਰਾਂ ਨਾਲ ਕੰਮ ਕਰਦੇ ਸਮੇਂ ਦਸਤਾਨੇ ਤੇ ਬੂਟ ਵਰਗੇ ਸੁਰੱਖਿਅਤ ਸਾਧਨਾਂ ਦੀ ਵਰਤੋਂ ਕਰਨ। ਡਾ. ਸੁਮਿਤ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ ਮਾਹਿਰ ਡਾਕਟਰ ਦੀ ਸਲਾਹ ਨਾਲ ਐਂਟੀਬਾਇਓਟਿਕ ਦਵਾਈਆਂ ਜਿਵੇਂ ਡੋਕਸੀਸਾਈਕਲੀਨ ਜਾਂ ਪੈਨਸੀਲਿਨ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਨੂੰ ਹਲਕੇ ’ਚ ਨਾ ਲਿਆ ਜਾਵੇ ਤੇ ਸਮੇਂ ਸਿਰ ਸਾਵਧਾਨੀ ਤੇ ਇਲਾਜ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।