ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਮਾੜੀ : ਜੱਬੋਵਾਲ
ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ ਚ ਅਮਨ ਕਾਨੂੰਨ ਦੀ ਹਾਲਤ ਮਾੜੀ : ਜੱਬੋਵਾਲ
Publish Date: Tue, 20 Jan 2026 09:45 PM (IST)
Updated Date: Tue, 20 Jan 2026 09:48 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੇ ਆਗੁਆਂ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਪਹੁੰਚੇ। ਮੀਟਿੰਗ ਦੌਰਾਨ ਆਗੂਆਂ ਤੇ ਵਰਕਰਾਂ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸਮੇਂ ਵਿਚ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਪੰਜਾਬ ਨੂੰ ਦੁਬਾਰਾ ਕਾਲੇ ਦੌਰ ਵਿਚ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਦਿਨ ਤੇ ਰਾਤ ਦਾ ਕੋਈ ਫਰਕ ਨਹੀਂ ਰਿਹਾ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਕਿਸੇ ਵੀ ਮਾਂ ਦੇ ਪੁੱਤ ਦਾ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਹੈ ਅਤੇ ਦਿਨ-ਦਿਹਾੜੇ ਕਤਲ ਕੀਤੇ ਜਾ ਰਹੇ ਹਨ ਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਜੇਕਰ ਕੋਈ ਵਿਅਕਤੀ ਫਿਰੌਤੀ ਨਹੀਂ ਦਿੰਦਾ ਤਾਂ ਗੈਂਗਸਟਰ ਉਸ ਦਾ ਕਤਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਵਿਅਕਤੀ ਪੁਲਿਸ ਕੋਲ ਪਹੁੰਚਦਾ ਹੈ ਤਾਂ ਉੱਥੇ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਰੋਸ ਮੁਜ਼ਾਹਰੇ ਕਰਕੇ ਲੋਕਾਂ ਨੂੰ ਇਨਸਾਫ ਲੈਣਾ ਪੈਂਦਾ ਹੈ। ਗੈਂਗਸਟਰ ਬੇਖੌਫ ਹੋ ਕੇ ਪੁਲਿਸ ਦੇ ਡਰ ਤੋਂ ਬਗੈਰ ਪਿੰਡਾਂ ਤੇ ਮਹੱਲਿਆਂ ਵਿਚ ਗੇੜੀਆਂ ਲਾਉਂਦੇ ਹਨ ਅਤੇ ਲੋਕਾਂ ਨੂੰ ਡਰਾਉਂਦੇ ਹਨ। ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਜੇਕਰ ਉਹ ਵਿਅਕਤੀ ਪੁਲਿਸ ਕੋਲ ਜਾਂਦਾ ਹੈ ਤਾਂ ਪੁਲਿਸ ਦੋਸ਼ੀਆਂ ਨੂੰ ਫੜਨ ਦੀ ਬਜਾਏ ਪੀੜਤ ਵਿਅਕਤੀ ਨੂੰ ਜ਼ਲੀਲ ਕਰਦੀ ਹੈ। ਜੱਬੋਵਾਲ ਨੇ ਕਿਹਾ ਕਿ ਇਨ੍ਹਾਂ ਮਾੜੇ ਹਾਲਾਤਾਂ ਨੂੰ ਸੁਧਾਰਨ ਦੀ ਲੋੜ ਹੈ ਤੇ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਸਖਤੀ ਵਰਤਣੀ ਚਾਹੀਦੀ ਹੈ। ਇਸ ਮੀਟਿੰਗ ਵਿਚ ਪਾਰਟੀ ਪ੍ਰਧਾਨ ਜੱਬੋਵਾਲ ਤੋਂ ਇਲਾਵਾ ਉਪ ਪ੍ਰਧਾਨ ਕੇਵਲ ਸਿੰਘ ਘਾਰੂ, ਪ੍ਰਧਾਨ ਬਲਦੇਵ ਸਿੰਘ ਮਨਿਆਲਾ, ਜਰਨਲ ਸਕੱਤਰ ਕਸ਼ਮੀਰ ਸਿੰਘ ਮੋਮੀ, ਜ਼ਿਲ੍ਹਾ ਪ੍ਰਧਾਨ ਹੰਸਰਾਜ, ਦਲੀਪ ਸਿੰਘ, ਮੁਖਤਾਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।