ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ : ਗਾਬੜੀਆ
ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ - ਹੀਰਾ ਸਿੰਘ ਗਾਬੜੀਆ
Publish Date: Sat, 04 Apr 2026 10:32 PM (IST)
Updated Date: Sat, 04 Apr 2026 10:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਫਗਵਾੜਾ ਦੌਰੇ ਦੌਰਾਨ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਤੇ ਕੋਰ ਕਮੇਟੀ ਮੈਂਬਰ ਪੰਜਾਬ ਵਪਾਰ ਵਿੰਗ ਨਾਲ ਉਨ੍ਹਾਂ ਦੇ ਦਫਤਰ ਫਗਵਾੜਾ ਵਿਖੇ ਅਹਿਮ ਮੁਲਾਕਾਤ ਕੀਤੀ। ਇਸ ਮੌਕੇ ਖੁਰਾਣਾ ਵੱਲੋਂ ਜਥੇਦਾਰ ਹੀਰਾ ਸਿੰਘ ਗਾਬੜੀਆ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਦੋਵੇਂ ਆਗੂਆਂ ਦਰਮਿਆਨ ਬੈਠਕ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਤੇ ਫਗਵਾੜਾ ਤੋਂ ਉਮੀਦਵਾਰ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਗੱਲਬਾਤ ਕਰਦਿਆਂ ਹੀਰਾ ਸਿੰਘ ਗਾਬੜੀਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਦੀ ਵਿਗੜ ਰਹੀ ਸਥਿਤੀ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਰਾਜ ਵਿਚ ਅਮਨ-ਸ਼ਾਂਤੀ ਦਾ ਮਾਹੌਲ ਖਤਰੇ ਵਿਚ ਦਿਸ ਰਿਹਾ ਹੈ ਤੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸਰਕਾਰ ਦੀ ਨਾਕਾਮੀਆਂ ਕਾਰਨ ਅਪਰਾਧ ਤੇ ਗੁੰਡਾਗਰਦੀ ਵਧ ਰਹੀ ਹੈ, ਵਿਕਾਸ ਨਾਮ ਦੀ ਕੋਈ ਚੀਜ਼ ਨਹੀ ਹੈ। ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਤੇ ਵਿਕਾਸ ਲਈ ਹਮੇਸ਼ਾ ਮਜ਼ਬੂਤੀ ਨਾਲ ਖੜਾ ਰਹੇਗਾ। ਇਸ ਮੌਕੇ ਖੁਰਾਣਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਸਥਾਰ ਨਾਲ ਰਣਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਹਲਕੇ ਤੋਂ ਇਕ ਮਜ਼ਬੂਤ, ਇਮਾਨਦਾਰ ਤੇ ਹਰਮਨ ਪਿਆਰਾ ਉਮੀਦਵਾਰ ਮੈਦਾਨ ਵਿਚ ਉਤਾਰਨਾ ਪਾਰਟੀ ਦੀ ਪਹਿਲ ਹੈ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਵਿਚ ਨਾ ਸਿਰਫ ਫਗਵਾੜਾ ਦੇ ਵੋਟਰਾਂ ਦੀ ਅਹਿਮ ਭੂਮਿਕਾ ਹੋਵੇ ਬਲਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੁਆ ਕੇ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਸਾਨੂੰ ਜੋ ਵੀ ਫਗਵਾੜੇ ਤੋ ਉਮੀਦਵਾਰ ਦੇਣਗੇ 2027 ਦੀਆਂ ਵਿਧਾਨਸਭਾ ਚੋਣਾਂ ਵਿਚ ਉਸ ਨੂੰ ਫਗਵਾੜਾ ਤੋ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ ਤੇ ਪੰਜਾਬ ਦੇ ਵਿਕਾਸ ਤੇ ਭਲੇ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਜਾਵੇਗਾ।