ਜੀਡੀਆਰ ਕਾਨਵੈਂਟ ਸੀਸੈ ਸਕੂਲ ਵਿਖੇ ਮਨਾਇਆ ਗਿਆ ਮਜ਼ਦੂਰ ਦਿਵਸ
ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ਵਿਖੇ ਮਨਾਇਆ ਗਿਆ 'ਮਜ਼ਦੂਰ ਦਿਵਸ
Publish Date: Thu, 30 Apr 2026 05:44 PM (IST)
Updated Date: Thu, 30 Apr 2026 05:47 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਜੀਡੀਆਰ ਕਾਨਵੈਂਟ ਸੀਸੈ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਲੋਟਸ ਹਾਊਸ ਦੇ ਇੰਚਾਰਜ ਮੈਡਮ ਬਲਵੀਰ ਕੌਰ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਸਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ ਦੀ ਸ਼ੁਰੂਆਤ ਗਾਇਤਰੀ ਮੰਤਰ ਅਤੇ ਗੁਰੂ ਮੰਤਰ ਨਾਲ ਕੀਤੀ ਗਈ । ਦਿਨ ਦਾ ਵਿਚਾਰ ਨੌਵੀਂ ਜਮਾਤ ਦੀ ਵਿਦਿਆਰਥਣ ਰਵਲੀਨ ਕੌਰ ਵੱਲੋਂ ਪੇਸ਼ ਕੀਤਾ ਗਿਆ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਵਲੋਂ ਆਪਣੇ ਭਾਸ਼ਣ ਵਿਚ ਕਿਹਾ ਕਿ ਹਰ ਸਾਲ ਇਹ ਦਿਨ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਜ਼ਦੂਰਾਂ ਦੀਆਂ ਹੱਕਾਂ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰੀਏ ਅਤੇ ਉਨ੍ਹਾਂ ਨੂੰ ਯੋਗ ਸਤਿਕਾਰ ਅਤੇ ਸਨਮਾਨ ਦੇਈਏ। ਇਸ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਲੋਟਸ ਹਾਊਸ ਦੇ ਵਿਦਿਆਰਥੀਆਂ ਵਲੋਂ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਜਿਸ ਵਿਚ ਮਜ਼ਦੂਰਾਂ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਦਰਸਾਇਆ ਗਿਆ । ਨੌਵੀਂ ਜਮਾਤ ਦੀ ਵਿਦਿਆਰਥਣ ਨਵਰੀਤ ਕੌਰ ਨੇ ਮਜ਼ਦੂਰ ਦਿਵਸ ਸੰਬੰਧੀ ਇਕ ਖੂਬਸੂਰਤ ਕਵਿਤਾ ਪੇਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੀ ਅਤੇ ਸਾਡੇ ਸਮਾਜ ਦੀ ਤਰੱਕੀ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਜ਼ਦੂਰ ਉਹ ਹੱਥ ਹਨ ਜੋ ਇਮਾਰਤਾਂ ਖੜੀਆਂ ਕਰਨ ਤੋਂ ਲੈ ਕੇ ਖੇਤਾਂ ਨੂੰ ਹਰਿਆ-ਭਰਿਆ ਕਰਦੇ ਹਨ, ਫੈਕਟਰੀਆਂ ਵਿਚ ਉਤਪਾਦ ਤਿਆਰ ਕਰਦੇ ਹਨ ਅਤੇ ਸਾਡੀ ਜ਼ਿੰਦਗੀ ਨੂੰ ਅਸਾਨ ਬਣਾਉਂਦੇ ਹਨ। ਇਹ ਉਹ ਲੋਕ ਹਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਹਨ ਤਾਂ ਜੋ ਅਸੀਂ ਸੌਖਾ ਜੀਵਨ ਜੀ ਸਕੀਏ। ਮਜ਼ਦੂਰ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਹਰ ਕਿਸੇ ਦੀ ਮਿਹਨਤ ਦੀ ਕਦਰ ਹੋਣੀ ਚਾਹੀਦੀ ਹੈ। ਇਹ ਸਿਰਫ ਇੱਕ ਛੁੱਟੀ ਦਾ ਦਿਨ ਹੀ ਨਹੀਂ ਸਗੋਂ ਇਹ ਅਧਿਕਾਰਾਂ ਅਤੇ ਇਨਸਾਫ ਦੀ ਗੱਲ ਕਰਨ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਸਾਰੇ ਵਾਅਦਾ ਕਰੀਏ ਕਿ ਅਸੀਂ ਹਮੇਸ਼ਾ ਮਿਹਨਤ ਕਰਨ ਵਾਲਿਆਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਲਈ ਬਿਹਤਰ ਜੀਵਨ ਦੀ ਕੋਸ਼ਿਸ਼ ਕਰਦੇ ਰਹਾਂਗੇ ।