ਕਿਸਾਨਾਂ ਨੂੰ ਹੜਾਂ ਦਾ ਮੁਆਵਜ਼ਾ ਨਾ ਮਿਲਣ ’ਤੇ ਐੱਸਡੀਐੱਮ ਦਫ਼ਤਰ ਘਿਰਾਓ ਦੀ ਦਿੱਤੀ ਚੇਤਾਵਨੀ
ਕਿਸਾਨਾਂ ਨੂੰ ਹੜਾਂ ਦਾ ਮੁਆਵਜ਼ਾ ਨਾ ਮਿਲਣ ’ਤੇ ਕੇਐਮਐਸਸੀ ਪੰਜਾਬ ਵੱਲੋਂ ਐਸਡੀਐਮ ਦਫ਼ਤਰ ਘਿਰਾਓ ਦੀ ਦਿੱਤੀ ਚੇਤਾਵਨੀ
Publish Date: Mon, 04 May 2026 05:32 PM (IST)
Updated Date: Tue, 05 May 2026 04:06 AM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੁਲਤਾਨਪੁਰ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬਿਧੀਚੰਦੀਆ ਸੁਲਤਾਨਪੁਰ ਲੋਧੀ ਵਿਖੇ ਜ਼ੋਨ ਪ੍ਰਧਾਨ ਮਲਕੀਤ ਸਿੰਘ ਫੱਤੋਵਾਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ । ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਕਰੀਬ 70 ਪ੍ਰਤੀਸ਼ਤ ਕਿਸਾਨ ਅਜੇ ਵੀ ਉਡੀਕ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਮੁਆਵਜ਼ਾ ਜਾਰੀ ਨਾ ਕੀਤਾ ਗਿਆ ਤਾਂ ਐੱਸਡੀਐੱਮ ਦਫ਼ਤਰ ਸੁਲਤਾਨਪੁਰ ਲੋਧੀ ਦਾ ਘਿਰਾਓ ਕੀਤਾ ਜਾਵੇਗਾ । ਇਸ ਤੋਂ ਇਲਾਵਾ ਆਗੂਆਂ ਨੇ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਲਗਾਉਣ ਦੇ ਫ਼ੈਸਲੇ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਇਹ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਜੇਕਰ ਕਿਸੇ ਕਰਮਚਾਰੀ ਵੱਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਉਸਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ । ਮੀਟਿੰਗ ਵਿੱਚ ਸਕੱਤਰ ਚੈਂਚਲ ਸਿੰਘ, ਖ਼ਜ਼ਾਨਚੀ ਸਤਨਾਮ ਸਿੰਘ, ਹਰਦੀਪ ਸਿੰਘ ਬਾਊਪੁਰ, ਅੰਗਰੇਜ਼ ਸਿੰਘ ਸ਼ੇਰਪੁਰ ਡੋਗਰਾ, ਤਰਸੇਮ ਸਿੰਘ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।