ਨਹੀ ਹੋ ਰਿਹਾ 10 ਲੱਖ ਬੀਮਾ ਯੋਜਨਾ ਚ ਕਿਡਨੀਆ ਦਾ ਇਲਾਜ,ਗਾਂਧੀ

ਮਾਂ ਕਿਡਨੀ ਦੇਣ ਲਈ ਤਿਆਰ ਪਰ ਇਲਾਜ ਦਾ ਖਰਚਾ ਚੁੱਕਣ ਤੋਂ ਅਸਮਰਥ ਹੈ ਪਰਿਵਾਰ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਦੇ ਬਸੰਤ ਨਗਰ ਵਾਸੀ ਗਣੇਸ਼ ਕੁਮਾਰ (ਲਗਭਗ 29 ਸਾਲ) ਪਿਛਲੇ ਇਕ ਸਾਲ ਤੋਂ ਗੰਭੀਰ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਕਰੀਬ ਚਾਰ ਮਹੀਨੇ ਪਹਿਲਾਂ ਗਣੇਸ਼ ਕੁਮਾਰ ਨੇ ਸਮਾਜ ਸੇਵੀ ਆਸ਼ੀਸ਼ ਗਾਂਧੀ ਨਾਲ ਸੰਪਰਕ ਕਰਕੇ ਆਪਣੀ ਸਿਹਤ ਸਬੰਧੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਣਾ ਲਾਜ਼ਮੀ ਹੈ ਤੇ ਉਨ੍ਹਾਂ ਦੀ ਮਾਤਾ ਆਪਣੀ ਕਿਡਨੀ ਦਾਨ ਕਰਨ ਲਈ ਤਿਆਰ ਹੈ। ਡਾਕਟਰਾਂ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿਚ ਟ੍ਰਾਂਸਪਲਾਂਟ ਕਰਨਾ ਬਹੁਤ ਜ਼ਰੂਰੀ ਹੈ। ਗਣੇਸ਼ ਕੁਮਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਸਮਾਜ ਸੇਵੀ ਆਸ਼ੀਸ਼ ਗਾਂਧੀ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਅਪੀਲ ਜਾਰੀ ਕੀਤੀ ਗਈ, ਜਿਸ ਵਿਚ ਸਭ ਨੂੰ ਮਨੁੱਖਤਾ ਦੇ ਨਾਤੇ ਮਦਦ ਕਰਨ ਲਈ ਬੇਨਤੀ ਕੀਤੀ ਗਈ। ਇਸ ਅਪੀਲ ਤੋਂ ਬਾਅਦ ਆਸ਼ੀਸ਼ ਗਾਂਧੀ ਦੇ ਕਈ ਦੋਸਤਾਂ ਤੇ ਸਮਾਜ ਸੇਵੀਆਂ ਨੇ ਅੱਗੇ ਆ ਕੇ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਾਇਤਾ ਦਿੱਤੀ। ਗਣੇਸ਼ ਕੁਮਾਰ ਨੇ ਖੁਦ ਵੀ ਵੱਖ-ਵੱਖ ਥਾਵਾਂ ਤੋਂ ਮਦਦ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਲਗਭਗ 2 ਲੱਖ ਰੁਪਏ ਇਕੱਠੇ ਹੋ ਸਕੇ ਪਰ ਡਾਕਟਰਾਂ ਮੁਤਾਬਕ ਕਿਡਨੀ ਟ੍ਰਾਂਸਪਲਾਂਟ ਲਈ ਕਰੀਬ 6 ਤੋਂ 7 ਲੱਖ ਰੁਪਏ ਦੀ ਲੋੜ ਹੈ। ਪੂਰੀ ਰਕਮ ਇਕੱਠੀ ਨਾ ਹੋਣ ਕਾਰਨ ਅਜੇ ਤੱਕ ਉਨ੍ਹਾਂ ਦਾ ਆਪਰੇਸ਼ਨ ਨਹੀਂ ਹੋ ਸਕਿਆ। ਪਿਛਲੇ ਤਿੰਨ ਮਹੀਨਿਆਂ ਤੋਂ ਗਣੇਸ਼ ਕੁਮਾਰ ਸ਼ਹਿਰ ਦੇ ਉਦਯੋਗਪਤੀਆਂ, ਸਮਾਜਿਕ ਸੰਸਥਾਵਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਵਿਅਕਤੀਆਂ ਕੋਲ ਮਦਦ ਲਈ ਗੁਹਾਰ ਲਗਾ ਚੁੱਕੇ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਵੱਡੀ ਸਹਾਇਤਾ ਪ੍ਰਾਪਤ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਸਮੂਹ ਸਮਾਜਿਕ ਸੰਸਥਾਵਾਂ, ਦਾਨੀ ਸੱਜਣਾਂ ਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋੜਵੰਦ ਨੌਜਵਾਨ ਦੀ ਮਦਦ ਲਈ ਅੱਗੇ ਆਉਣ। ਸਾਂਝੇ ਯਤਨਾਂ ਨਾਲ ਇਕ ਕੀਮਤੀ ਜ਼ਿੰਦਗੀ ਬਚਾਈ ਜਾ ਸਕਦੀ ਹੈ।
ਨਹੀ ਹੋ ਰਿਹਾ 10 ਲੱਖ ਬੀਮਾ ਯੋਜਨਾ ’ਚ ਕਿਡਨੀਆਂ ਦਾ ਇਲਾਜ : ਗਾਂਧੀ
ਗਣੇਸ਼ ਕੁਮਾਰ ਵੱਲੋਂ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਸਿਹਤ ਸਕੀਮ ਵਿਚ ਵੀ ਅਰਜ਼ੀ ਦਿੱਤੀ ਗਈ ਸੀ ਪਰ ਕਿਡਨੀ ਹਸਪਤਾਲ ਜਲੰਧਰ ਦੇ ਅਨੁਸਾਰ ਕਿਡਨੀ ਟ੍ਰਾਂਸਪਲਾਂਟ ਦਾ ਖਰਚਾ ਇਸ ਸਕੀਮ ਦੇ ਅਧੀਨ ਲਾਗੂ ਨਹੀਂ ਹੁੰਦਾ। ਇਸ ਕਾਰਨ ਇਸ ਵੇਲੇ ਉਨ੍ਹਾਂ ਕੋਲ ਇਲਾਜ ਲਈ ਕੋਈ ਹੋਰ ਬਦਲ ਨਹੀਂ ਬਚਿਆ।
ਇਸ ਮੌਕੇ ਸਮਾਜ ਸੇਵੀ ਆਸ਼ੀਸ਼ ਗਾਂਧੀ ਨੇ ਸ਼ਹਿਰ ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੇ ਨਾਤੇ ਸਭ ਲੋਕ ਅੱਗੇ ਆ ਕੇ ਗਣੇਸ਼ ਕੁਮਾਰ ਦੀ ਮਦਦ ਕਰਨ ਤਾਂ ਜੋ ਇਕ ਨੌਜਵਾਨ ਦੀ ਜ਼ਿੰਦਗੀ ਬਚਾਈ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਵੀ ਬੇਨਤੀ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਿਹੜੀਆਂ ਬਿਮਾਰੀਆਂ ‘ਤੇ ਲਾਗੂ ਹੁੰਦੀ ਹੈ, ਇਸ ਬਾਰੇ ਸਪਸ਼ਟ ਜਾਣਕਾਰੀ ਜਨਤਾ ਸਾਹਮਣੇ ਰੱਖੀ ਜਾਵੇ, ਕਿਉਂਕਿ ਕਈ ਮੀਡੀਆ ਤੇ ਸੋਸ਼ਲ ਮੀਡੀਆ ਮਾਧਿਅਮਾਂ ਵਿਚ ਇਸਨੂੰ ਹਰ ਬਿਮਾਰੀ ‘ਤੇ ਲਾਗੂ ਦੱਸਿਆ ਜਾਂਦਾ ਹੈ।