ਖੈੜਾ ਦੋਨਾ ਬਾਲ ਖੇਡ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਬਦਾਮ ਵੰਡੇ
ਖੈੜਾ ਦੋਨਾ ਬਾਲ ਖੇਡ ਮੁਕਾਬਲਿਆਂ ਦੇ ਖਿਡਾਰੀਆਂ ਨੂੰ ਬਦਾਮ ਵੰਡੇ
Publish Date: Sun, 19 Apr 2026 08:17 PM (IST)
Updated Date: Sun, 19 Apr 2026 08:21 PM (IST)

- ਸੰਤੁਲਿਤ ਖੁਰਾਕ ਤੇ ਖੇਡ ਕਲਚਰ ਦੇਣਾ ਹੀ ਨਸ਼ਿਆਂ ਵਿਰੁੱਧ ਯੁੱਧ ਹੈ : ਖੈੜਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗੁਰਦੁਆਰਾ ਵੇਈਂ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨੰਬਰਦਾਰ ਬਲਵਿੰਦਰ ਸਿੰਘ ਖੈੜਾ ਸਾਬਕਾ ਸਰਪੰਚ ਦੀ ਅਗਵਾਈ ਹੇਠ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਖੈੜਾ ਦੋਨਾਂ ਦੇ ਬੱਚਿਆਂ ਨੂੰ ਸਿਹਤ ਚੇਤਨਾ ਦੇਣ ਖਾਤਰ ਬਾਲ ਖੇਡਾਂ-2026 ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਪੰਚ ਰਾਜਬੀਰ ਕੌਰ ਖੈੜਾ ਨੇ ਬੀਬੀਆਂ ਦੀ ਅਗਵਾਈ ਕਰਦਿਆਂ ਜਿੱਥੇ ਬੀਬੀਆਂ ਦੀ ਚਾਟੀ ਦੌੜ ਅਤੇ ਮਿਊਜ਼ੀਕਲ ਚੇਅਰ ਰੇਸ ਵਿੱਚ ਜੇਤੂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਬਾਲ ਖੇਡਾਂ ਦੇ ਐਥਲੈਟਿਕਸ ਅਤੇ ਕਬੱਡੀ ਮੁਕਾਬਲੇ ਵੀ ਕੌਮਾਂਤਰੀ ਕੱਬਡੀ ਖਿਡਾਰੀ ਦੇਵ ਖੈੜਾ ਅਤੇ ਸਰਪੰਚ ਜਗਦੀਪ ਵੰਝ ਦੀ ਅਗਵਾਈ ’ਚ ਸਾਬਕਾ ਸਰਪੰਚ ਤੇਜਵਿੰਦਰ ਸਿੰਘ ਉਰਫ਼ ਸਾਹਿਬੀ ਖੈੜਾ, ਕੁਲਵਿੰਦਰ ਸਿੰਘ ਖੈੜਾ, ਚੇਅਰਮੈਨ ਅਮਰਜੀਤ ਸਿੰਘ ਖੈੜਾ, ਚਰਨਜੀਤ ਸਿੰਘ ਖੈੜਾ ਸਬ- ਇਨਸਪੈਕਟਰ, ਜਗੀਰ ਸਿੰਘ ਖੈੜਾ ਅਤੇ ਜੋਤੀ ਖੈੜਾ ਨੇ ਸੇਵਾਵਾਂ ਦਿੱਤੀਆਂ। ਇਸ ਮੌਕੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਸਾਬਕਾ ਲੈਕਚਰਾਰ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਾਲ ਖਿਡਾਰੀਆਂ, ਖਿਡਾਰਨਾਂ ਅਤੇ ਹਾਜ਼ਰ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਰਾਂ ਅਤੇ ਪਿੰਡਾ ਵਿੱਚ ਖੇਡ ਕਲਚਰ ਸਥਾਪਿਤ ਕਰ ਕੇ ਹੀ ਅਸੀਂ ਸਿਹਤ ਚੇਤਨਾ ਪੈਦਾ ਕਰ ਸਕਦੇ ਹਾਂ। ਖੇਡ ਕਲਚਰ ਪੈਦਾ ਕਰ ਕੇ ਹੀ ਅਸੀਂ ਬੱਚਿਆਂ ਦਾ ਬਚਪਨ ਫੋਨ ਅਤੇ ਫਾਸਟ ਫੂਡ ਕਲਚਰ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂਦਵਾਰਾ ਵੇਈਂ ਸਾਹਿਬ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕਬੱਡੀ ਦੀਆਂ 55 ਕਿਲੋਗ੍ਰਾਮ ਭਾਰ ਦੀਆਂ ਦੋਵੇਂ ਟੀਮਾਂ ਨੂੰ ਦੋ-ਦੋ ਕਿਲੋਗ੍ਰਾਮ ਬਦਾਮ ਪ੍ਰਤੀ ਖਿਡਾਰੀ, ਰੱਸਾਕਸ਼ੀ, ਕੱਬਡੀ ਭਾਰ 45 ਕਿਲੋਗ੍ਰਾਮ, ਕਬੱਡੀ ਭਾਰ 35 ਕਿਲੋਗ੍ਰਾਮ ਦੇ ਖਿਡਾਰੀਆਂ ਨੂੰ ਵੀ ਪ੍ਰਤੀ ਖਿਡਾਰੀ ਇੱਕ ਇੱਕ ਕਿਲੋਗ੍ਰਾਮ ਬਦਾਮ ਵੰਡ ਕੇ ਸੰਤੁਲਿਤ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੁਆਰਾ ਵੇਈਂ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਖੈੜਾ ਨੇ ਕਿਹਾ ਕਿ ਅੱਜ ਜਦੋਂ ਜਾਗਰੂਕ ਸਮਾਜ ਨਸ਼ਿਆਂ ਵਿਰੁੱਧ ਯੁੱਧ ਲੜ ਰਿਹਾ ਹੈ ਤਾਂ ਸਾਡਾ ਵਡੇਰਿਆਂ ਦਾ ਨੈਤਿਕ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਹਤ ਚੇਤਨਾ ਦੇਣ ਲਈ ਸੰਤੁਲਿਤ ਖੁਰਾਕ ਅਤੇ ਖੇਡਾਂ ਦਾ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ, ਇਸ ਕਾਰਜ ਲਈ ਹੀ ਇਹ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਸਾਬਕਾ ਸਰਪੰਚ ਤੇਜਵਿੰਦਰ ਸਿੰਘ ਉਰਫ਼ ਸਾਹਿਬੀ ਪ੍ਰਧਾਨ ਬਾਬਾ ਮੀਆਂ ਲਹਿਣਾ ਸ਼ਾਹ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਜਿਸ ਤਰਜ਼ ਉੱਤੇ ਬਾਬਾ ਮੀਆਂ ਲਹਿਣਾ ਸ਼ਾਹ ਦੇ ਸਾਲਾਨਾ ਜੋੜ ਮੇਲੇ ਮੌਕੇ ਦੋਆਬੇ ਦੀ ਵੱਡੀ ਛਿੰਝ ਪੁਵਾਈ ਜਾਂਦੀ ਹੈ, ਉਸੇ ਤਰਜ਼ ਉੱਤੇ ਹੀ ਜਿਹੜੀਆਂ ਬਾਲ ਖੇਡਾਂ ਸ਼ੁਰੂ ਕੀਤੀਆਂ ਗਈਆਂ ਹਨ, ਨੂੰ ਹੋਰ ਉਸਾਰੂ ਅਤੇ ਮੁਕਾਬਲਾ ਪੂਰਣ ਬਣਾਉਣ ਲਈ ਹੋਰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਜਿੱਥੇ ਦਸਤਾਰ ਮੁਕਾਬਲੇ ਕਰਵਾ ਕੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਦਸਤਾਰਾਂ ਸਨਮਾਨ ਵਿੱਚ ਦਿੱਤੀਆਂ ਗਈਆਂ ਉੱਥੇ ਪ੍ਰਵਾਸੀ ਲੋਕ ਗਾਇਕ ਰਾਜਪਾਲ ਖੈੜਾ ਵੱਲੋਂ ਧਾਰਮਿਕ ਗੈਸਟ ਆਈਟਮ ਪੇਸ਼ ਕਰ ਕੇ ਸੰਗਤਾਂ ਤੋਂ ਵਾਹ-ਵਾਹੀ ਖੱਟੀ। ਇਸ ਮੌਕੇ ਸਾਬਕਾ ਮੈਂਬਰ ਪੰਚਾਇਤ ਮਨਜੀਤ ਸਿੰਘ ਖੈੜਾ, ਕਿਸਾਨ ਆਗੂ ਸਤਨਾਮ ਸਿੰਘ ਉਰਫ ਸੋਢੀ ਖੈੜਾ, ਡਾ. ਸੁਰਿੰਦਰ ਅਰੋੜਾ, ਗੁਰਮੇਲ ਸਿੰਘ ਖੈੜਾ, ਅਵਤਾਰ ਸਿੰਘ ਖੈੜਾ ਕੈਨੇਡਾ ਆਦਿ ਹਾਜ਼ਰ ਹੋਏ ਉੱਥੇ ਬਾਬਾ ਮੀਆਂ ਲਹਿਣਾ ਸ਼ਾਹ ਕਮੇਟੀ ਦੇ ਜਨਰਲ ਸਕੱਤਰ ਰਮੇਸ਼ ਅਰੋੜਾ ਨੇ ਮੰਚ ਸੰਚਾਲਨ ਕਰਦਿਆਂ ਦਸਮੇਸ਼ ਪਿਤਾ ਦੇ ਮਾਰਗ ’ਤੇ ਚਲਦਿਆਂ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਗੁਰਦੁਆਰਾ ਵੇਈਂ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਜਿਹੜੇ ਵੀ ਪ੍ਰਵਾਸੀ ਵੀਰਾਂ ਨੇ ਆਪਣੀ ਕਿਰਤ ਕਮਾਈ ’ਚੋਂ ਵਿੱਤੀ ਸਹਾਇਤਾ ਕੀਤੀ ਹੈ, ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸੰਗਤਾਂ ਲਈ ਜਿੱਥੇ ਲੰਗਰ ਅਤੁੱਟ ਵਰਤਾਏ ਗਏ ਉੱਥੇ ਬਾਲ ਖਿਡਾਰੀਆਂ ਅਤੇ ਮੁਕਾਬਲਿਆਂ ਮੌਕੇ ਹਾਜ਼ਰ ਸੰਗਤਾਂ ਲਈ ਬਦਾਮਾਂ ਦੀ ਠੰਢੀ ਸ਼ਰਦਾਈ ਦਾ ਵੀ ਲੰਗਰ ਲਾਇਆ ਗਿਆ।