ਕੇਜਰੀਵਾਲ ਅਤੇ ਸਿਸੋਦੀਆ ਦਾ ਬਰੀ ਹੋਣਾ ਸੱਚਾਈ ਦੀ ਜਿੱਤ : ਸੁਖਵੰਤ ਪੱਡਾ
ਕੇਜਰੀਵਾਲ ਅਤੇ ਸਿਸੋਦੀਆ ਦਾ ਬਰੀ ਹੋਣਾ ਸੱਚਾਈ ਦੀ ਜਿੱਤ : ਸੁਖਵੰਤ ਪੱਡਾ
Publish Date: Sat, 28 Feb 2026 11:21 PM (IST)
Updated Date: Sat, 28 Feb 2026 11:22 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਬੇਕਸੂਰ ਆਗੂਆਂ ਨੂੰ ਡੇਢ ਸਾਲ ਜੇਲ੍ਹ ਵਿਚ ਰੱਖ ਕੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਗਿਆ। ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਜਪਾ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਜਸਵੰਤ ਸਿੰਘ ਨੰਦਾ, ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਤੇ ਹੋਰ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਬਰੀ ਹੋਣ ’ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸੁਖਵੰਤ ਸਿੰਘ ਪੱਡਾ ਨੇ ਕਥਿਤ ਦਿੱਲੀ ਸ਼ਰਾਬ ਮਾਮਲੇ ਵਿਚ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸਨੂੰ ਸੱਚਾਈ ਤੇ ਇਮਾਨਦਾਰੀ ਦੀ ਇਤਿਹਾਸਕ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਵਿਚ ਕੋਈ ਅਪਰਾਧਿਕ ਸਾਜ਼ਿਸ਼ ਜਾਂ ਠੋਸ ਸਬੂਤ ਨਹੀਂ ਹਨ। ਇਸ ਨਾਲ ਭਾਜਪਾ ਵੱਲੋਂ ਘੜੀ ਗਈ ਝੂਠੀ ਕਹਾਣੀ ਦਾ ਪਰਦਾਫਾਸ਼ ਹੋਇਆ। ਪੱਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ਨੇਤਾ ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਹੋਰ ਨੇਤਾਵਾਂ ਨੂੰ ਇਕ ਰਾਜਨੀਤਿਕ ਸਾਜ਼ਿਸ਼ ਦੇ ਹਿੱਸੇ ਵਜੋਂ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਅਦਾਲਤੀ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਕੱਟੜ ਇਮਾਨਦਾਰ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ ਹੈ। ਪੱਡਾ ਨੇ ਕਿਹਾ ਕਿ ਸੀਬੀਆਈ ਤੇ ਈਡੀ ਵਰਗੀਆਂ ਏਜੰਸੀਆਂ ਨੂੰ ਵਿਰੋਧੀ ਨੇਤਾਵਾਂ ਨੂੰ ਦਬਾਉਣ ਲਈ ਵਰਤਿਆ ਗਿਆ ਸੀ। ਮਾਸੂਮ ਨੇਤਾਵਾਂ ਨੂੰ ਡੇਢ ਸਾਲ ਕੈਦ ਦੀ ਰੱਖਿਆ ਗਿਆ, ਪਰਿਵਾਰਾਂ ਨੂੰ ਦੁੱਖ ਝੱਲਣਾ ਪਿਆ ਪਰ ਅੰਤ ਵਿਚ ਇਨਸਾਫ਼ ਦੀ ਜਿੱਤ ਹੋਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਮੁੱਦੇ ’ਤੇ 100 ਤੋਂ ਵੱਧ ਪ੍ਰੈੱਸ ਕਾਨਫਰੰਸਾਂ ਤੇ ਪ੍ਰਦਰਸ਼ਨਾਂ ਰਾਹੀਂ ਜਨਤਾ ਵਿਚ ਝੂਠ ਫੈਲਾਇਆ। ਹੁਣ ਜਦੋਂ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ, ਤਾਂ ਕੀ ਭਾਜਪਾ ਦੇਸ਼ ਤੇ ਦਿੱਲੀ ਦੇ ਲੋਕਾਂ ਤੋਂ ਮੁਆਫੀ ਮੰਗੇਗੀ? ਕੀ ਨਿਰਦੋਸ਼ ਲੋਕਾਂ ਦਾ ਅਪਮਾਨ ਕਰਨ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ, ਕੀ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੱਡਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਿਛਲੇ 11 ਸਾਲਾਂ ਵਿਚ ਸਸਤੀ ਬਿਜਲੀ, ਮੁਫ਼ਤ ਪਾਣੀ, ਬਿਹਤਰ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਤੇ ਸਿਹਤ ਸਹੂਲਤਾਂ ਦੇ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ। ਹਾਲਾਂਕਿ ਭਾਜਪਾ ਸਰਕਾਰ ਦੇ ਅਧੀਨ ਪਿਛਲੇ ਇਕ ਸਾਲ ਵਿਚ, ਦਿੱਲੀ ਦੀਆਂ ਸੜਕਾਂ ਦੀ ਹਾਲਤ ਵਿਗੜ ਗਈ, ਮੁਹੱਲਾ ਕਲੀਨਿਕ ਪ੍ਰਭਾਵਿਤ ਹੋਏ, ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋਈ ਤੇ ਪ੍ਰਦੂਸ਼ਣ ਦੀ ਸਮੱਸਿਆ ਵਧੀ। ਪੱਡਾ ਨੇ ਕਿਹਾ ਕਿ ਅੱਜ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਵਿਰੁੱਧ ਕੀਤੀ ਗਈ ਕਾਰਵਾਈ ਸਿਰਫ ਰਾਜਨੀਤਿਕ ਬਦਲਾਖੋਰੀ ਤੋਂ ਪ੍ਰੇਰਿਤ ਸੀ, ਪਰ ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ। ਪੱਡਾ ਨੇ ਕਿਹਾ ਕਿ ਜੇਕਰ ਅੱਜ ਦਿੱਲੀ ਵਿਚ ਚੋਣਾਂ ਹੁੰਦੀਆਂ ਹਨ ਤਾਂ ਜਨਤਾ ਇਕ ਵਾਰ ਫਿਰ ਇਮਾਨਦਾਰ ਰਾਜਨੀਤੀ ਦੇ ਨਾਲ ਖੜ੍ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਗੂਆਂ ਦੀ ਜਿੱਤ ਨਹੀਂ ਹੈ, ਸਗੋਂ ਦਿੱਲੀ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸੱਚਾਈ, ਪਾਰਦਰਸ਼ਤਾ ਤੇ ਲੋਕ ਸੇਵਾ ਦੀ ਰਾਜਨੀਤੀ ਭਵਿੱਖ ਵਿਚ ਵੀ ਮਜ਼ਬੂਤ ਹੁੰਦੀ ਰਹੇਗੀ ਤੇ ਪੰਜਾਬ ਤੇ ਦਿੱਲੀ ਦੇ ਲੋਕਾਂ ਦਾ ਸਮਰਥਨ ਪਾਰਟੀ ਲਈ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਵੇਗਾ, ਉਹ ਪਾਰਟੀ ਦੇ ਨਾਲ ਰਹਿਣਗੇ।