ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ
Publish Date: Thu, 19 Feb 2026 08:58 PM (IST)
Updated Date: Thu, 19 Feb 2026 09:00 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਤੇ ਅੱਖਰ ਮੰਚ, ਕਪੂਰਥਲਾ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਸ਼ੁਰੂਆਤ ਮਾਂ ਬੋਲੀ ਪੰਜਾਬੀ ਨੂੰ ਨਮਨ ਕਰਦਿਆਂ ਕੀਤੀ ਗਈ। ਇਸ ਦੌਰਾਨ ਅਵਤਾਰ ਸਿੰਘ ਭੁੱਲਰ ਸਾਬਕਾ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਪ੍ਰੋਫ਼ੈਸਰ ਹਰਜੀਤ ਸਿੰਘ ਅਸ਼ਕ ਨੇ ਕੀਤੀ। ਕਵੀ ਦਰਬਾਰ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਸਰਦੂਲ ਸਿੰਘ ਔਜਲਾ, ਪ੍ਰੋ. ਹਰਜੀਤ ਸਿੰਘ ਅਸ਼ਕ, ਮੰਗਲ ਸਿੰਘ ਭੰਡਾਲ, ਗੁਰਭਜਨ ਸਿੰਘ ਲਾਸਾਨੀ, ਸੁਰਜੀਤ ਸਾਜਨ, ਡਾ. ਜਸਦੀਪ ਕੌਰ, ਸਰਵਣ ਸਿੰਘ ਔਜਲਾ, ਰੂਪ ਦਬੁਰਜੀ, ਮਨਜਿੰਦਰ ਸਿੰਘ ਜੌਹਲ ਤੇ ਜਸਪ੍ਰੀਤ ਕੌਰ ਨੇ ਆਪਣੀਆਂ ਸੁੰਦਰ ਤੇ ਭਾਵਪੂਰਨ ਰਚਨਾਵਾਂ ਪੇਸ਼ ਕਰਕੇ ਮਾਤ ਭਾਸ਼ਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਦਲਜੀਤ ਸਿੰਘ, ਅਵਤਾਰ ਸਿੰਘ ਤੇ ਹਰਪਾਹੁਲ ਆਹਲੂਵਾਲੀਆ ਨੇ ਵੀ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਕਵੀਆਂ ਨੇ ਮਾਂ ਬੋਲੀ ਪੰਜਾਬੀ ਦੀ ਸ਼ਾਨ, ਵਿਰਾਸਤ ਤੇ ਸਮਾਜਿਕ ਮੁੱਲਾਂ ਨੂੰ ਪ੍ਰਗਟਾਉਂਦੀਆਂ ਕਵਿਤਾਵਾਂ ਸੁਣਾਈਆਂ। ਕਵਿਤਾਵਾਂ ਵਿਚ ਮਾਂ ਬੋਲੀ ਪ੍ਰਤੀ ਪਿਆਰ, ਸਨਮਾਨ ਤੇ ਸਮਰਪਣ ਦੀ ਭਾਵਨਾ ਸਪੱਸ਼ਟ ਦਿਖਾਈ ਦਿੱਤੀ। ਕਈ ਕਵਿਤਾਵਾਂ ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਾਡੀ ਪਛਾਣ ਤੇ ਸੱਭਿਆਚਾਰ ਦੀ ਰੂਹ ਹੈ। ਸਾਨੂੰ ਇਸ ਦੀ ਸੰਭਾਲ ਤੇ ਪ੍ਰਚਾਰ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਮਾਤ ਭਾਸ਼ਾ ਸਿਰਫ਼ ਗੱਲਬਾਤ ਦਾ ਸਾਧਨ ਨਹੀਂ, ਸਗੋਂ ਸਾਡੀ ਸੋਚ, ਸੱਭਿਆਚਾਰ, ਇਤਿਹਾਸ ਤੇ ਪਛਾਣ ਦਾ ਆਧਾਰ ਹੈ। ਇਸੇ ਭਾਸ਼ਾ ਰਾਹੀਂ ਅਸੀਂ ਆਪਣੇ ਭਾਵ ਪ੍ਰਗਟ ਕਰਦੇ ਹਾਂ, ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਹਾਂ ਤੇ ਆਪਣੇ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਹਾਂ। ਜਿਹੜੀ ਕੌਮ ਆਪਣੀ ਮਾਤ ਭਾਸ਼ਾ ਨੂੰ ਸੰਭਾਲਦੀ ਹੈ, ਉਹ ਆਪਣੀ ਪਛਾਣ ਨੂੰ ਵੀ ਮਜ਼ਬੂਤ ਰੱਖਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ ਤੇ ਇਸ ਦੇ ਵਿਕਾਸ ਲਈ ਯਤਨਸ਼ੀਲ ਰਹਿਣ ਦੀ ਪ੍ਰੇਰਣਾ ਦਿੱਤੀ ਤੇ ਮਾਤ-ਭਾਸ਼ਾ ਨੂੰ ਸਮਰਪਿਤ ਇਸ ਸਮਾਗਮ ਦੇ ਸਫ਼ਲ ਆਯੋਜਨ ਲਈ ਪੰਜਾਬੀ ਵਿਭਾਗ ਦੀ ਪ੍ਰਸ਼ੰਸ਼ਾ ਕੀਤੀ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਵਿਰਾਸਤ ਹੈ। ਇਸ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਮਾਂ ਬੋਲੀ ਨੂੰ ਮਨੁੱਖ ਦੇ ਮਾਨਸਿਕ ਤੇ ਸੱਭਿਆਚਾਰਕ ਵਿਕਾਸ ਲਈ ਬੇਹੱਦ ਜ਼ਰੂਰੀ ਦੱਸਿਆ। ਮਾਂ ਬੋਲੀ ਦਾ ਕੋਈ ਬਦਲ ਨਹੀਂ ਹੁੰਦਾ, ਇਸ ਲਈ ਸਾਨੂੰ ਆਪਣੀ ਭਾਸ਼ਾ ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ। ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਤੇ ਸਨਮਾਨ ਦੀ ਭਾਵਨਾ ਪੈਦਾ ਕਰਨਾ ਸੀ। ਸਮਾਗਮ ਦਾ ਮਾਹੌਲ ਸਾਹਿਤਕ ਰੰਗਾਂ ਨਾਲ ਰੰਗਿਆ ਹੋਇਆ ਸੀ ਤੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਭਾਸ਼ਾਈ ਵਿਰਾਸਤ ਨੂੰ ਸੰਭਾਲਣ ਤੇ ਮਾਤ ਭਾਸ਼ਾ ਪੰਜਾਬੀ ਦੇ ਮਾਣ ਨੂੰ ਉੱਚਾ ਚੁੱਕਣ ਦਾ ਸੰਕਲਪ ਲਿਆ। ਕਵੀ ਦਰਬਾਰ ਦੌਰਾਨ ਸਟੇਜ ਦੀ ਕਾਰਵਾਈ ਡਾ. ਸਰਦੂਲ ਸਿੰਘ ਔਜਲਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੱਸਾ ਸਿੰਘ ਸਿੱਧੂ, ਬਾਬਾ ਨਿਰਮਲ ਸਿੰਘ ਸਪੇਨ, ਕਾਲਜ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।