ਜਨਗਣਨਾ 2027 ਲਈ ਕਪੂਰਥਲਾ ਤਿਆਰ, ਨਿਗਮ ‘ਚ ਐਨਿਊਮਰੇਟਰਾਂ ਦੀ ਖਾਸ ਟ੍ਰੇਨਿੰਗ ਸ਼ੁਰੂ
ਜਨਗਣਨਾ 2027 ਲਈ ਕਪੂਰਥਲਾ ਤਿਆਰ, ਨਿਗਮ ‘ਚ ਐਨਿਊਮਰੇਟਰਾਂ ਦੀ ਖਾਸ ਟ੍ਰੇਨਿੰਗ ਸ਼ੁਰੂ
Publish Date: Wed, 29 Apr 2026 08:21 PM (IST)
Updated Date: Thu, 30 Apr 2026 04:14 AM (IST)

-ਡਿਜੀਟਲ ਤਰੀਕਿਆਂ ਨਾਲ ਹੋਵੇਗੀ ਗਿਣਤੀ •ਹਰ ਬੈਚ ‘ਚ 100 ਗਿਣਤੀਕਾਰ ਤਿਆਰ, ਭਵਿੱਖੀ ਯੋਜਨਾਵਾਂ ਲਈ ਮਜ਼ਬੂਤ ਅਧਾਰ ਬਣੇਗਾ ਡਾਟਾ ਹਰਨੇਕ ਸਿੰਘ ਜੈਨਪੁਰੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਜਨਗਣਨਾ 2027 ਨੂੰ ਲੈ ਕੇ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਤਿਆਰੀਆਂ ਤੇਜ਼ ਹੋ ਗਈਆਂ ਹਨ। ਨਗਰ ਨਿਗਮ ਵੱਲੋਂ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮਕਸਦ ਐਨਿਊਮਰੇਟਰਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨਾ ਹੈ, ਤਾਂ ਜੋ ਜਨਗਣਨਾ ਦਾ ਕੰਮ ਬਿਨਾਂ ਕਿਸੇ ਗਲਤੀ ਅਤੇ ਸਮੇਂ ਸਿਰ ਪੂਰਾ ਹੋ ਸਕੇ। ਇਸ ਟ੍ਰੇਨਿੰਗ ਕੈਂਪ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਨਗਣਨਾ ਦੇ ਅੰਕੜੇ ਸਿਰਫ ਗਿਣਤੀ ਨਹੀਂ, ਸਗੋਂ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਯੋਜਨਾਵਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਹ ਟ੍ਰੇਨਿਗ 29 ਅਪ੍ਰੈਲ ਤੱਕ ਤਿੰਨ ਵੱਖ-ਵੱਖ ਬੈਚਾਂ ਵਿੱਚ ਕਰਵਾਈ ਜਾ ਰਹੀ ਹੈ, ਜਿੱਥੇ ਹਰ ਬੈਚ ਵਿੱਚ ਲਗਭਗ 100 ਐਨਿਊਮਰੇਟਰਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਜਿਆਦਾਤਰ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕ ਸ਼ਾਮਲ ਹਨ, ਜੋ ਮੈਦਾਨੀ ਕੰਮ ਦੌਰਾਨ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ । ਟ੍ਰੇਨਿੰਗ ਦੌਰਾਨ ਹਿਸੇਦਾਰਾਂ ਨੂੰ ਨਵੀਂ ਤਕਨੀਕਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਡਿਜ਼ੀਟਲ ਟੈਬਲੇਟਾਂ ਅਤੇ ਮੋਬਾਈਲ ਐਪ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ‘ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਗਲਤੀਆਂ ਦੀ ਸੰਭਾਵਨਾ ਘੱਟ ਹੋਵੇਗੀ ਅਤੇ ਡਾਟਾ ਤੁਰੰਤ ਸਰਵਰ ‘ਤੇ ਅੱਪਲੋਡ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਡਾਟਾ ਦੀ ਗੋਪਨੀਯਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਖਾਸ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਨਵੇਂ ਤੱਥ ਤੇ ਖਾਸ ਪਹਿਲਾਂ : ਇਸ ਵਾਰ ਜਨਗਣਨਾ ’ਚ ਡਿਜ਼ੀਟਲ ਮੋਡ ਨੂੰ ਵੱਡੇ ਪੱਧਰ ‘ਤੇ ਅਪਣਾਇਆ ਜਾ ਰਿਹਾ ਹੈ, ਜਿਸ ਨਾਲ ਕੰਮ ਤੇਜ਼ ਅਤੇ ਪਾਰਦਰਸ਼ੀ ਹੋਵੇਗਾ। ਐਨਿਊਮਰੇਟਰਾਂ ਨੂੰ ਜੀਪੀਐਸ ਆਧਾਰਿਤ ਲੋਕੇਸ਼ਨ ਟ੍ਰੈਕਿੰਗ ਨਾਲ ਵੀ ਜੋੜਿਆ ਜਾ ਸਕਦਾ ਹੈ, ਤਾਂ ਜੋ ਹਰ ਇਲਾਕੇ ਦੀ ਪੂਰੀ ਕਵਰੇਜ ਯਕੀਨੀ ਬਣੇ। ਨਾਗਰਿਕਾਂ ਲਈ ਖੁਦ ਆਨਲਾਈਨ ਜਾਣਕਾਰੀ ਭਰਨ ਦਾ ਵਿਕਲਪ ਵੀ ਸੰਭਵ ਹੈ, ਜਿਸ ਨਾਲ ਸਮਾਂ ਤੇ ਸੰਸਾਧਨਾਂ ਦੀ ਬੱਚਤ ਹੋਵੇਗੀ। ਇਸ ਪੂਰੇ ਪ੍ਰਕਿਰਿਆ ਦੀ ਦੇਖ-ਰੇਖ ਸਹਾਇਕ ਟਾਊਨ ਪਲਾਨਰ-ਕਮ-ਜਨਗਣਨਾ ਅਧਿਕਾਰੀ ਪੂਜਾ ਮਾਨ ਕਰ ਰਹੀ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪ੍ਰੈਕਟੀਕਲ ਸੈਸ਼ਨ ਵੀ ਕਰਵਾਏ ਜਾ ਰਹੇ ਹਨ, ਤਾਂ ਜੋ ਐਨਿਊਮਰੇਟਰ ਮੈਦਾਨ ’ਚ ਆਉਣ ਵਾਲੀਆਂ ਹਰੇਕ ਚੁਣੌਤੀਆਂ ਨਾਲ ਨਿਪਟ ਸਕਣ। ਕਮਿਸ਼ਨਰ ਅਨੁਪਮ ਕਲੇਰ ਨੇ ਇਹ ਵੀ ਜ਼ੋਰ ਦਿੱਤਾ ਕਿ ਹਰ ਗਿਣਤੀਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਤੇ ਭਰੋਸੇਯੋਗ ਜਾਣਕਾਰੀ ਇਕੱਠੀ ਕਰੇ, ਕਿਉਂਕਿ ਇਹੀ ਅੰਕੜੇ ਭਵਿੱਖ ’ਚ ਸਿਹਤ, ਸਿੱਖਿਆ, ਰੋਜ਼ਗਾਰ ਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਨੂੰ ਦਿਸ਼ਾ ਦੇਣਗੇ। ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਇਹ ਟ੍ਰੇਨਿੰਗ ਕੈਂਪ ਜਨਗਣਨਾ 2027 ਨੂੰ ਸਫਲ ਬਣਾਉਣ ਵੱਲ ਇਕ ਮਜ਼ਬੂਤ ਕਦਮ ਹੈ, ਜੋ ਕਪੂਰਥਲਾ ਨੂੰ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਵੱਲ ਲੈ ਜਾਣ ’ਚ ਮਦਦਗਾਰ ਸਾਬਤ ਹੋਵੇਗਾ।