ਚੋਰੀ ਦੇ 21 ਮੋਟਰਸਾਈਕਲਾਂ ਤੇ ਕਾਰ ਸਮੇਤ 2 ਕਾਬੂ
ਕਪੂਰਥਲਾ ਪੁਲਿਸ ਵੱਲੋਂ ਚੋਰੀਸ਼ੁਦਾ 21 ਮੋਟਰ ਸਾਈਕਲ ਅਤੇ ਇੱਕ ਕਾਰ ਸਮੇਤ 02 ਵਿਅਕਤੀ ਕਾਬੂ
Publish Date: Thu, 14 May 2026 10:15 PM (IST)
Updated Date: Thu, 14 May 2026 10:18 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਦੇ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 2 ਬਾਈਕ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਮੁਲਜ਼ਮਾਂ ਦੇ ਕਬਜ਼ੇ ਵਿਚੋਂ 21 ਚੋਰੀਸ਼ੁਦਾ ਬਾਈਕ ਤੇ ਇਕ ਚੋਰੀ ਦੀ ਮਾਰੂਤੀ ਕਾਰ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਪੂਰਥਲਾ ਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਤੇ ਉਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੋਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਟੀਮ ਏਐੱਸਆਈ ਦਰਬਾਰਾ ਸਿੰਘ ਦੇ ਨਾਲ ਕਾਂਜਲੀ ਵਾਲੇ ਪਾਸੇ ਗਸ਼ਤ ’ਤੇ ਸੀ। ਇਸ ਦੌਰਾਨ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਕਿ ਰਵੀ ਕੁਮਾਰ ਪੁੱਤਰ ਸਵਰਨਜੀਤ ਨਿਵਾਸੀ ਚੂਹੜਵਾਲ ਚੋਰੀ ਦੀ ਬਾਈਕ ਵੇਚਣ ਦੀ ਫਿਰਾਕ ਵਿਚ ਕਾਂਜਲੀ ਰੋਡ ’ਤੇ ਗ੍ਰਾਹਕ ਦਾ ਇੰਤਜ਼ਾਰ ਕਰ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੀਆਂ 14 ਮੋਟਰਸਾਈਕਲਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ 10 ਸਪਲੈਂਡਰ, 2 ਡਿਸਕਵਰ ਤੇ 2 ਪਲੇਟਿਨਾ ਬਾਈਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਚੋਰੀ ਕੀਤੀ ਮਾਰੂਤੀ ਕਾਰ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮ ਖਿਲਾਫ਼ ਥਾਣਾ ਸਦਰ ਵਿਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਪੀ ਹਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 10 ਮਈ ਨੂੰ ਪੀੜਤ ਪਿੰਦਰਜੀਤ ਸਿੰਘ ਵਾਸੀ ਪ੍ਰੀਤ ਨਗਰ ਨੇ ਆਪਣੀ ਸਪਲੈਂਡਰ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਸਿਟੀ ਥਾਣੇ ਵਿਚ ਦਰਜ ਕਰਵਾਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਨੇ ਟੈਕਨੀਕਲ ਟੀਮ ਦੀ ਮਦਦ ਨਾਲ ਰਾਜਵਿੰਦਰ ਸਿੰਘ ਉਰਫ਼ ਰਾਜੂ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੂਟ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ‘ਤੇ 7 ਚੋਰੀ ਕੀਤੀਆਂ ਬਾਈਕਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਰਵੀ ਕੁਮਾਰ ਖਿਲਾਫ਼ ਪਹਿਲਾਂ ਤੋਂ ਇਕ ਮਾਮਲਾ ਦਰਜ ਹੈ, ਜਦਕਿ ਰਾਜਵਿੰਦਰ ਸਿੰਘ ‘ਤੇ ਚੋਰੀ ਦੇ 3 ਮਾਮਲੇ ਦਰਜ ਹਨ। ਇਹ ਪੂਰੀ ਕਾਰਵਾਈ ਥਾਣਾ ਸਿਟੀ ਪੁਲਿਸ ਤੇ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ। ਕਾਬੂ ਕੀਤੇ ਗਏ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।