ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵਾਇਆ ਪਾਜੀਆਂ ਜਾਣ ਵਾਲੀ ਪੈਪਸੂ ਟਰਾਂਸਪੋਰਟ ਕੰਪਨੀ ਦੀ ਰੋਜ਼ਾਨਾ ਬੱਸ ਨੰਬਰ ਪੀਬੀ-09ਐਕਸ-3206 ਵਿੱਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਇਕ ਵਰਦੀਧਾਰੀ ਥਾਣੇਦਾਰ ਅਤੇ ਬੱਸ ਸਟਾਫ ਵਿਚਕਾਰ ਤਕਰਾਰ ਹੋ ਗਈ।

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵਾਇਆ ਪਾਜੀਆਂ ਜਾਣ ਵਾਲੀ ਪੈਪਸੂ ਟਰਾਂਸਪੋਰਟ ਕੰਪਨੀ ਦੀ ਰੋਜ਼ਾਨਾ ਬੱਸ ਨੰਬਰ ਪੀਬੀ-09ਐਕਸ-3206 ਵਿੱਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਇਕ ਵਰਦੀਧਾਰੀ ਥਾਣੇਦਾਰ ਅਤੇ ਬੱਸ ਸਟਾਫ ਵਿਚਕਾਰ ਤਕਰਾਰ ਹੋ ਗਈ। ਇਹ ਘਟਨਾ ਅੱਜ ਸਵੇਰੇ ਕਰੀਬ 6:30 ਵਜੇ ਪਿੰਡ ਡਡਵਿੰਡੀ ਦੇ ਪੈਟਰੋਲ ਪੰਪ ਨੇੜੇ ਵਾਪਰੀ, ਜਿਸ ਕਾਰਨ ਬੱਸ ਨੂੰ ਸਵਾਰੀਆਂ ਸਮੇਤ ਰੋਕਣਾ ਪਿਆ।
ਬੱਸ ਦੇ ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਬੱਸ ਲੈ ਕੇ ਆ ਰਹੇ ਸਨ। ਡਡਵਿੰਡੀ ਬੱਸ ਅੱਡੇ ਤੋਂ ਸਵਾਰੀਆਂ ਬਿਠਾਉਣ ਤੋਂ ਬਾਅਦ ਜਦੋਂ ਟਿਕਟਾਂ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਵਰਦੀਧਾਰੀ ਥਾਣੇਦਾਰ ਬਲਵੀਰ ਸਿੰਘ ਕੋਲੋਂ ਸਰਕਾਰੀ ਪਰਚੀ ਦਿਖਾਉਣ ਲਈ ਕਿਹਾ ਗਿਆ।
ਦੋਸ਼ ਹੈ ਕਿ ਇਸ ਗੱਲ ’ਤੇ ਥਾਣੇਦਾਰ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਆਪ ਨੂੰ ਕਿਸੇ ਰਾਜਸੀ ਸਾਬਕਾ ਐੱਮਐੱਲਏ ਦਾ ਗੰਨਮੈਨ ਦੱਸਿਆ ਗਿਆ। ਡਰਾਈਵਰ ਅਤੇ ਕੰਡਕਟਰ ਦਾ ਦਾਅਵਾ ਹੈ ਕਿ ਥਾਣੇਦਾਰ ਨੇ ਉਨ੍ਹਾਂ ’ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਸ ਗੱਲ ਦੀ ਵੀਡਿਉ ਪਰੂਫ ਵੀ ਪੱਤਰਕਾਰਾਂ ਕੋਲ ਮੌਜੂਦ ਹਨ। ਉਸ ਸਮੇਂ ਬੱਸ ਵਿੱਚ ਮਹਿਲਾ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਦੇ ਸਾਹਮਣੇ ਕਥਿਤ ਤੌਰ ‘ਤੇ ਅਪਸ਼ਬਦ ਬੋਲੇ ਗਏ ।
ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਵੀ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਜਾਰੀ ਰਿਹਾ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ।
ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਨੇ ਦੱਸਿਆ ਕਿ ਇਸ ਸਬੰਧੀ 112 ਨੰਬਰ ‘ਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੰਬੰਧਤ ਵਿਅਕਤੀ ਨੂੰ ਆਪਣੇ ਨਾਲ ਥਾਣਾ ਸੁਲਤਾਨਪੁਰ ਲੋਧੀ ਲੈ ਗਈ।
ਇਸ ਮਾਮਲੇ ਸਬੰਧੀ ਬੱਸ ਵਿੱਚ ਸਵਾਰ ਮੁਖਤਿਆਰ ਸਿੰਘ, ਜੋ ਆਪਣੀ ਪਤਨੀ ਸਮੇਤ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਰਾਹੀਂ ਚੰਡੀਗੜ੍ਹ ਜਾ ਰਹੇ ਸਨ, ਨੇ ਵੀ ਡਰਾਈਵਰ ਅਤੇ ਕੰਡਕਟਰ ਨਾਲ ਗਾਲੀ-ਗਲੋਚ ਅਤੇ ਧਮਕੀਆਂ ਦੇਣ ਵਾਲੀ ਗੱਲ ਦੀ ਪੁਸ਼ਟੀ ਕੀਤੀ ।
ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਗੁੱਸੇ ਵਿੱਚ ਹੋਇਆ ਹੈ ਅਤੇ ਮੇਰਾ ਬਲੱਡ ਪਰੈਸ਼ਰ ਵੱਧ ਗਿਆ ਸੀ ਜਿਸਦੀ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਹਨ । ਉੱਧਰ, ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਰਿਸੀਵ ਨਹੀਂ ਹੋ ਸਕਿਆ ।
ਥਾਣੇਦਾਰ ਬਲਵੀਰ ਸਿੰਘ ਵੱਲੋਂ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੂੰ ਸਰਵਿਸ ਰਿਵਾਲਵਰ ਨਾਲ ਜਾਨੋ ਮਾਰਨ ਦੀਆਂ ਧਮਕੀਆਂ ਤੇ ਏਐੱਸਪੀ ਸ਼੍ਰੀ ਧਿੰਰੇਂਧਰਾ ਵਰਮਾ ਆਈਪੀਐਸ ਸੁਲਤਾਨਪੁਰ ਲੋਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਥਾਣੇਦਾਰ ਬਲਵੀਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਜਨਤਾ ਦੀ ਸੁਰੱਖਿਆ ਦੇ ਲਈ ਹੁੰਦਾ ਹੈ ਨਾ ਕਿ ਜਨਤਾ ਨੂੰ ਧਮਕਾਉਣ ਦੇ ਲਈ ਹੁੰਦਾ ਹੈ। ਉਹਨਾਂ ਕਿਹਾ ਕਿ ਉਹ ਹਮੇਸ਼ਾ ਜਨਤਾ ਦੀ ਭਲਾਈ ਲਈ ਵਚਨਬੱਧ ਹਨ ਅਤੇ ਕਿਸੇ ਵੀ ਕੀਮਤ ਤੇ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।