ਅੱਜ ਸਵੇਰੇ ਤੜਕਸਾਰ ਕਾਲਾ ਸੰਘਿਆਂ ਬੱਸ ਸਟੈਂਡ ਨਜ਼ਦੀਕ ਜਲੰਧਰ ਰੋਡ ਤੇ ਸਥਿਤ ਇਲੈਕਟ੍ਰੀਕਲ ਦੀ ਦੁਕਾਨ ਤੋਂ ਚੋਰੀਆਂ ਕਰਨ ਵਾਲੇ ਗਿਰੋਹ ਦੀਆਂ ਕੁਝ ਔਰਤਾਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ।
ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ : ਅੱਜ ਸਵੇਰੇ ਤੜਕਸਾਰ ਕਾਲਾ ਸੰਘਿਆਂ ਬੱਸ ਸਟੈਂਡ ਨਜ਼ਦੀਕ ਜਲੰਧਰ ਰੋਡ ਤੇ ਸਥਿਤ ਇਲੈਕਟ੍ਰੀਕਲ ਦੀ ਦੁਕਾਨ ਤੋਂ ਚੋਰੀਆਂ ਕਰਨ ਵਾਲੇ ਗਿਰੋਹ ਦੀਆਂ ਕੁਝ ਔਰਤਾਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ। ਇਕੱਤਰ ਜਾਣਕਾਰੀ ਅਨੁਸਾਰ 30 ਮਈ ਦਿਨ ਸ਼ਨੀਵਾਰ ਤੜਕੇ ਕਰੀਬ 6 ਵਜੇ ਦੋ ਔਰਤਾਂ ਜਿਨ੍ਹਾਂ ਨੇ ਉਕਤ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕੀਤਾ ਤੇ ਇਸੇ ਦੌਰਾਨ ਦੁਕਾਨ ਮਾਲਕ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਨ ਲਈ ਇਸ ਤਰਫ਼ ਆਇਆ ਤੇ ਉਸ ਨੇ ਵੇਖਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਇਹ ਔਰਤਾਂ ਸਾਮਾਨ ਚੁੱਕ ਕੇ ਉਥੋਂ ਜਾ ਰਹੀਆਂ ਸਨ ਜਿਸ 'ਤੇ ਦੁਕਾਨਦਾਰ ਨੇ ਰੌਲ਼ਾ ਪਾਇਆ ਤੇ ਉੱਥੇ ਕੁਝ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਔਰਤਾਂ ਨੂੰ ਰੋਕਿਆ।
ਇਹਨਾਂ ਔਰਤਾਂ ਨੂੰ ਰੋਕਣ 'ਤੇ ਇਹ ਔਰਤਾਂ ਸਥਾਨਕ ਲੋਕਾਂ ਦੇ ਨਾਲ ਉਲਝ ਗਈਆਂ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਜਿਸ ਉਪਰੰਤ ਲੋਕਾਂ ਨੇ ਸਖ਼ਤੀ ਵਰਤ ਕੇ ਇਹਨਾਂ ਔਰਤਾਂ ਨੂੰ ਕਾਬੂ ਕੀਤਾ।
ਇਕੱਤਰ ਲੋਕਾਂ ਨੇ ਦੱਸਿਆ ਕਿ ਇਹ ਝੁਗੀਆਂ ਵਾਲੀਆਂ ਔਰਤਾਂ ਲੱਗ ਰਹੀਆਂ ਹਨ ਤੇ ਇਹਨਾਂ ਔਰਤਾਂ ਦੀ ਗਿਣਤੀ ਦਰਜਨ ਦੇ ਕਰੀਬ ਸੀ ਤੇ ਬਾਕੀ ਔਰਤਾਂ ਮੌਕੇ ਤੋਂ ਫ਼ਰਾਰ ਹੋ ਗਈਆਂ ਜਦਕਿ ਦੋ ਔਰਤਾਂ ਲੋਕਾਂ ਨੇ ਕਾਬੂ ਕਰ ਲਈਆਂ ਇਸੇ ਤਰ੍ਹਾਂ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ ਤੋਂ ਦੋ ਹੋਰ ਔਰਤਾਂ ਜੋ ਇਹਨਾਂ ਦੀਆਂ ਹੀ ਸਾਥਣਾਂ ਦੱਸੀਆਂ ਜਾਂਦੀਆਂ ਹਨ, ਨੂੰ ਵੀ ਕਾਬੂ ਕੀਤਾ ਗਿਆ ਅਤੇ ਇਹਨਾਂ ਦੋਵੇਂ ਔਰਤਾਂ ਨੂੰ ਕਾਬੂ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਔਰਤਾਂ ਸਾਨੂੰ ਵੇਖ ਕੇ ਭੱਜੀਆਂ ਤੇ ਸ਼ੱਕ ਪੈਣ 'ਤੇ ਅਸੀਂ ਇਹਨਾਂ ਦਾ ਪਿੱਛਾ ਕੀਤਾ ਤਾਂ ਦੋ ਔਰਤਾਂ ਨੂੰ ਹੀ ਅਸੀਂ ਕਾਬੂ ਕਰ ਸਕੇ।
ਇਹਨਾਂ ਦੀਆਂ ਹੋਰ ਸਾਥਣਾਂ ਸਨ ਜੋ ਇੱਕ ਗੱਡੀ ਵਿੱਚ ਸਵਾਰ ਹੋ ਗਈਆਂ ਜਦਕਿ ਗੱਡੀ ਦੇ ਡਰਾਈਵਰ ਨੇ ਸਾਨੂੰ ਪਿਛੇ ਆਉਂਦੇ ਵੇਖ ਗੱਡੀ ਭਜਾ ਲਈ ਤੇ ਬਾਕੀ ਔਰਤਾਂ ਗੱਡੀ ਵਿੱਚ ਚੜ੍ਹ ਗਈਆਂ ਤੇ ਇਹ ਦੋ ਔਰਤਾਂ ਨਹੀਂ ਚੜ੍ਹ ਸਕੀਆਂ ਤੇ ਇਹਨਾਂ ਨੂੰ ਅਸੀਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਗੱਡੀ ਵਿੱਚ ਸੁਟਿਆ ਸਮਾਨ ਵੀ ਕਿਤੋਂ ਨਾ ਕਿਤੋਂ ਚੋਰੀ ਕੀਤਾ ਹੋ ਸਕਦਾ ਹੈ।
ਇਹਨਾਂ ਚਾਰੇ ਔਰਤਾਂ ਨੂੰ ਕਾਬੂ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਔਰਤਾਂ ਲੋਕਾਂ ਨੂੰ ਧਮਕੀਆਂ ਦੇ ਰਹੀਆਂ ਸਨ ਕਿ ਜੇਕਰ ਤੁਸੀਂ ਸਾਨੂੰ ਨਾ ਛੱਡਿਆ ਤਾਂ ਅਸੀਂ ਆਪਣੇ ਕੱਪੜੇ ਪਾੜ ਕੇ ਤੁਹਾਡੇ 'ਤੇ ਕਾਰਵਾਈ ਕਰਵਾ ਦੇਵਾਂਗੀਆਂ ਅਤੇ ਇਹਨਾਂ ਔਰਤਾਂ ਨੇ ਲੋਕਾਂ ਨਾਲ ਹੱਥੋਪਾਈ ਵੀ ਕੀਤੀ। ਦੱਸਣਯੋਗ ਹੈ ਕਿ ਇਹਨਾਂ ਔਰਤਾਂ ਨੂੰ ਕਾਬੂ ਕਰਨ ਵੇਲੇ ਦੀ ਲੋਕਾਂ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਔਰਤਾਂ ਤੇ ਸਖ਼ਤ ਕਾਰਵਾਈ ਕਰਕੇ ਸਖ਼ਤੀ ਨਾਲ਼ ਪੁਛਗਿੱਛ ਕੀਤੀ ਜਾਵੇ ਅਤੇ ਇਹਨਾਂ ਦਾ ਫ਼ਰਾਰ ਗਿਰੋਹ ਗੱਡੀ ਸਮੇਤ ਫੜਿਆ ਜਾਵੇ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਐੱਸਐੱਚਓ ਸਦਰ ਕਪੂਰਥਲਾ ਤੇ ਚੌਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਕਾਬੂ ਕੀਤੀਆਂ ਇਹਨਾਂ ਔਰਤਾਂ ਤੇ ਕਾਨੂੰਨ ਮੁਤਾਬਕ ਬਣਦੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੀਆਂ ਬਾਕੀ ਸਾਥਣਾਂ ਜੋ ਗੱਡੀ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਦੱਸੀਆਂ ਜਾ ਰਹੀਆਂ ਹਨ ਉਸ ਦੀ ਵੀ ਤਫਤੀਸ਼ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸਐੱਚਓ ਨੇ ਇਹਨਾਂ ਦੇ ਮਾਮਲਾ ਦਰਜ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤੇ ਇਹਨਾਂ ਤੋਂ ਹੋਰ ਚੋਰੀਆਂ ਦੇ ਖੁਲਾਸੇ ਹੋਣ ਦੀ ਉਮੀਦ ਹੈ।