ਕਪੂਰਥਲਾ ਸੀਆਈਏ ਨੇ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਦੋ ਤਸਕਰ
ਕਪੂਰਥਲਾ ਸੀਆਈਏ ਦੀ ਵੱਡੀ ਕਾਰਵਾਈ — 500 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਕਾਬੂ
Publish Date: Thu, 07 May 2026 09:12 PM (IST)
Updated Date: Thu, 07 May 2026 09:14 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਸੀਆਈਏ ਸਟਾਫ ਦੀ ਟੀਮ ਨੇ ਨਾਕਾਬੰਦੀ ਦੌਰਾਨ 500 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਬਾਅਦ ਥਾਣਾ ਸਦਰ ਵਿਚ ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਹੈ। ਐੱਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਐੱਸਆਈ ਰਮਨ ਕੁਮਾਰ ਪੁਲਿਸ ਪਾਰਟੀ ਸਮੇਤ ਮੁਸ਼ਕਵੇਦ ਚੌਕ ਵਿਚ ਮੌਜੂਦ ਸਨ। ਇਸ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਲਾਡੀ ਸਿੰਘ ਤੇ ਰਾਮ ਸਿੰਘ ਦੋਵੇਂ ਵਾਸੀ ਪਿੰਡ ਡੋਗਰਾਂਵਾਲ ਵੱਡੇ ਪੱਧਰ ’ਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਉਸ ਨੇ ਦੱਸਿਆ ਕਿ ਦੋਵੇਂ ਇਸ ਸਮੇਂ ਵੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਹਮੀਰਾ ਤੇ ਲੱਖਣ ਕਲਾਂ ਰਾਹੀਂ ਕਪੂਰਥਲਾ ਸ਼ਹਿਰ ਵਿਚ ਕਿਸੇ ਵਿਅਕਤੀ ਨੂੰ ਨਸ਼ੇ ਦੀ ਖੇਪ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ ਦੀ ਟੀਮ ਨੇ ਪਿੰਡ ਲੱਖਣ ਕਲਾਂ ਰੋਡ ’ਤੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਅਕੈਡਮੀ ਨੇੜੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਪੁਲਿਸ ਨੂੰ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਵਾਪਸ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਟੀਮ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਐੱਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਡੀਐੱਸਪੀ ਸਬ-ਡਿਵੀਜ਼ਨ ਡਾ. ਸ਼ੀਤਲ ਸਿੰਘ ਦੀ ਮੌਜੂਦਗੀ ਵਿਚ ਜਦੋਂ ਮੋਟਰਸਾਈਕਲ ਸਵਾਰ ਰਾਮ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 200 ਗ੍ਰਾਮ ਤੇ ਲਾਡੀ ਸਿੰਘ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।