ਕਪੂਰਥਲਾ ਸਬਜ਼ੀ ਮੰਡੀ ’ਚ ਚੱਲ ਰਿਹਾ ਨਾਜਾਇਜ਼ ਵਸੂਲੀ ਦਾ ਧੰਦਾ
31 ਮਾਰਚ ਨੂੰ ਠੇਕਾ
Publish Date: Sat, 02 May 2026 10:19 PM (IST)
Updated Date: Sat, 02 May 2026 10:23 PM (IST)

31 ਮਾਰਚ ਨੂੰ ਠੇਕਾ ਖ਼ਤਮ ਹੋਣ ਤੋਂ ਬਾਅਦ ਵੀ ਕਟ ਰਹੀਆਂ ਪਰਚੀਆਂ ਮੰਡੀ ਬੋਰਡ ਦੀ ਨੱਕ ਦੇ ਹੇਠਾਂ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਸੁਕੇਤ ਗੁਪਤਾ, ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਮੁੱਖ ਸਬਜ਼ੀ ਮੰਡੀ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਵਸੂਲੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ’ਚ ਵਾਹਨਾਂ ਤੋਂ ਐਂਟਰੀ ਫੀਸ ਵਸੂਲਣ ਦਾ ਠੇਕਾ ਲੰਘੀ 31 ਮਾਰਚ ਨੂੰ ਖ਼ਤਮ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਠੇਕੇਦਾਰ ਦੇ ਕਾਰਿੰਦੇ ਧਡ਼ੱਲੇ ਨਾਲ ਵਾਹਨਾਂ ਤੋਂ ਪੈਸੇ ਵਸੂਲ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਸੂਲੀ ਨਾ ਤਾਂ ਸਰਕਾਰੀ ਖਜ਼ਾਨੇ ’ਚ ਜਾ ਰਹੀ ਹੈ ਤੇ ਨਾ ਹੀ ਇਸ ਦੀ ਕੋਈ ਅਧਿਕਾਰਤ ਜਾਇਜ਼ਤਾ ਹੈ। ਜਾਣਕਾਰੀ ਅਨੁਸਾਰ ਮੁੱਖ ਸਬਜ਼ੀ ਮੰਡੀ ਦਾ ਪਿਛਲਾ ਠੇਕਾ ਲਗਪਗ 16 ਤੋਂ 17 ਲੱਖ ਰੁਪਏ ’ਚ ਹੋਇਆ ਸੀ, ਜਿਸ ਦੀ ਮਿਆਦ 31 ਮਾਰਚ ਨੂੰ ਮੁਕੰਮਲ ਹੋ ਚੁੱਕੀ ਹੈ। ਮਿਆਦ ਪੂਰੀ ਹੋਣ ’ਤੇ ਨਿਯਮਾਂ ਅਨੁਸਾਰ ਠੇਕਾ ਖ਼ਤਮ ਹੋ ਜਾਂਦਾ ਹੈ। ਫਿਰ ਇਸ ਤਰ੍ਹਾਂ ਦੀ ਵਸੂਲੀ ਦਾ ਅਧਿਕਾਰ ਸਿੱਧਾ ਪੰਜਾਬ ਮੰਡੀ ਬੋਰਡ ਕੋਲ ਆ ਜਾਂਦਾ ਹੈ ਜਦ ਤੱਕ ਕਿ ਨਵਾਂ ਠੇਕਾ ਨਾ ਹੋ ਜਾਵੇ ਪਰ ਕਪੂਰਥਲਾ ਮੰਡੀ ’ਚ ਹਾਲਾਤ ਇਸ ਦੇ ਉਲਟ ਹਨ। ਇਥੇ ਲਗਪਗ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਪੁਰਾਣੇ ਠੇਕੇਦਾਰ ਦੇ ਕਾਰਿੰਦ ਮਰਜ਼ੀ ਨਾਲ ਪੁਰਾਣੀਆਂ ਪਰਚੀਆਂ ਰਾਹੀਂ ਵਸੂਲੀ ਕਰ ਰਹੇ ਹਨ। ਮੁੱਖ ਸਬਜ਼ੀ ਮੰਡੀ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਕਿ ਠੇਕਾ ਖ਼ਤਮ ਹੋਣ ਤੋਂ ਬਾਅਦ ਠੇਕੇਦਾਰ ਤਾਂ ਗਾਇਬ ਹੈ ਪਰ ਉਸ ਵੱਲੋਂ ਰੱਖੇ ਗਏ ਕਾਰਿੰਦ ਆਪਣੀ ਮਰਜ਼ੀ ਨਾਲ ਜਦ ਜੀ ਚਾਰੇ ਮੰਡੀ ਦੇ ਗੇਟ ’ਤੇ ਖੜ੍ਹੇ ਹੋ ਕੇ ਨਾਜਾਇਜ਼ ਵਸੂਲੀ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਨੂੰ ਨਾ ਤਾਂ ਵਿਭਾਗ ਦਾ ਕੋਈ ਡਰ ਹੈ ਤੇ ਨਾ ਹੀ ਕੋਈ ਅਧਿਕਾਰੀ ਰੋਕ ਟੋਕ ਹੀ ਕਰ ਰਿਹਾ ਹੈ, ਜਿਸ ਨਾਲ ਇਸ ਮਾਮਲੇ ’ਚ ਮਿਲੀਭੁਗਤ ਦੀ ਬੋਅ ਆ ਰਹੀ ਹੈ। ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਨਾਜਾਇਜ਼ ਵਸੂਲੀ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਠੇਕਾ ਖ਼ਤਮ ਹੋਣ ਤੋਂ ਬਾਅਦ ਤੋਂ ਹੁਣ ਤੱਕ ਵਸੂਲੇ ਗਏ ਪੈਸਿਆਂ ਦਾ ਹਿਸਾਬ ਮੰਗਿਆ ਜਾਵੇ। ਨਵੇਂ ਟੈਂਡਰ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਛੇਤੀ ਪੂਰੀ ਕੀਤੀ ਜਾਵੇ। ਜਿਸ ਨਾਲ ਇਸ ਤਰ੍ਹਾਂ ਦਾ ਨਾਜਾਇਜ਼ ਕੰਮ ਬੰਦ ਹੋ ਸਕੇ। ਸਟਾਫ ਦੀ ਕਮੀ ਦਾ ਹਵਾਲਾ ਦੇ ਕੇ ਡੀਐੱਮਓ ਨੇ ਕੀਤਾ ਬਚਾਅ ਇਸ ਸਬੰਧ ’ਚ ਜਜ ਜ਼ਿਲ੍ਹਾ ਮੰਡੀ ਅਧਿਕਾਰੀ (ਡੀਐੱਮਓ) ਕਪੂਰਥਲਾ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਠੇਕਾ ਮਾਰਚ ’ਚ ਖ਼ਤਮ ਹੋ ਚੁੱਕਾ ਹੈ। ਇਸੇ ਠੇਕੇ ਨੂੰ ਅੱਗੇ ਵਧਾਉਣ ਲਈ ਵਿਭਾਗ ਨੂੰ ਲਿਖਿਆ ਗਿਆ ਹੈ ਪਰ ਪੁਰਾਣੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਵਸੂਲੀ ਕੀਤੇ ਜਾਣ ਦੇ ਸਵਾਲ ’ਤੇ ਆਪਣਾ ਬਚਾਅ ਕਰਦੇ ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਕਾਰਨ ਇਕ ਮਹੀਨੇ ਲਈ ਪੁਰਾਣੇ ਠੇਕੇਦਾਰ ਨੂੰ ਹੀ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ। ਜਦ ਇਸ ਵਸੂਲੀ ਦੇ ਹਿਸਾਬ ਤੇ ਨਿਯਮਾਂ ਦਾ ਹਵਾਲਾ ਦਿੱਤਾ ਗਿਆ ਤਾਂ ਉਹ ਚੁੱਪ ਧਾਰ ਗਏ। ਉੱਧਰ ਡੀਸੀ ਕਪੂਰਥਲਾ ਆਕਾਸ਼ ਬਾਂਸਲ ਨੇ ਕਿਹਾ ਕਿ ਇਸ ਮਾਮਲੇ ਦੀ ਛੇਤੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।