ਕਾਲੀ ਵੇਈ ਨੇ ਭੁਲੱਥ ਤੇ ਨੇੜਲੇ ਪਿੰਡਾਂ ਦੀਆਂ ਫਸਲਾਂ ਦਾ ਕੀਤਾ ਨੁਕਸਾਨ
ਕਾਲੀ ਵੇਈ ਨੇ ਭੁਲੱਥ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਫਸਲਾਂ ਕੀਤਾ ਭਾਰੀ ਨੁਕਸਾਨ,
Publish Date: Wed, 03 Sep 2025 11:20 PM (IST)
Updated Date: Thu, 04 Sep 2025 04:10 AM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ, ਭੁਲੱਥ : ਪਿਛਲੇ ਕੁੱਝ ਦਿਨਾਂ ਤੋਂ ਹਰ ਰੋਜ਼ ਪੈ ਰਹੀ ਬਾਰਿਸ਼ ਨੇ ਕਸਬਾ ਭੁਲੱਥ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਾਲੀ ਵੇਈ ਦੇ ਕਿਨਾਰਿਆਂ ’ਤੇ ਵਸੇ ਪਿੰਡਾਂ ਨਡਾਲੀ, ਬਗਵਾਨਪੁਰ, ਚਾਂਨਚੱਕ, ਭੁਲੱਥ, ਖੱਸਣ, ਮਾਨਾ ਤਲਵੰਡੀ ਕਮਰਾਏ ਆਦਿ ਪਿੰਡਾਂ ਵਿੱਚ ਪਿੱਛੋਂ ਆ ਰਹੇ ਹੜ ਦੇ ਪਾਣੀ ਅਤੇ ਬਾਰਿਸ਼ ਦੇ ਜਮਾ ਹੋਏ ਪਾਣੀ ਨਾਲ ਝੋਨੇ ਦੀ ਫਸਲ ਕਈ ਦਿਨਾਂ ਤੋਂ ਡੁੱਬੀ ਪਈ ਹੈ। ਹਰੇ ਚਾਰੇ ਅਤੇ ਸਬਜ਼ੀਆਂ ਵਾਲੇ ਖੇਤ ਵੀ ਪਾਣੀ ਦੀ ਮਾਰ ਹੇਠ ਆਉਣ ਕਰਕੇ ਖਰਾਬ ਹੋ ਗਏ ਹਨ।। ਸੈਂਕੜੇ ਏਕੜ ਫਸਲ ਤਬਾਹ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਿਨਾਂ ਕਿਸਾਨਾਂ ਨੇ ਠੇਕੇ ਤੇ ਜਮੀਨ ਲੈ ਕੇ ਫਸਲਾਂ ਬੀਜੀਆਂ ਹੋਈਆਂ ਹਨ ਉਹ ਤਾਂ ਬਹੁਤ ਹੀ ਫਿਕਰਮੰਦ ਹਨ ਕਿ ਉਹ ਠੇਕੇ ਕਿਵੇਂ ਦੇ ਸਕਣਗੇ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਖਰਾਬ ਹੋਈਆਂ ਫਸਲਾਂ ਦਾ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਉੱਚਿਤ ਮੁਆਵਜ਼ਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਬੈਂਕਾਂ ਤੋਂ ਲਏ ਫਸਲੀ ਕਰਜ਼ਿਆਂ ਦਾ ਵਿਆਜ ਵੀ ਮਾਫ ਕਰਨਾ ਚਾਹੀਦਾ ਤੇ ਲਿਮਿਟਾਂ ਨੂੰ ਰੀਨਿਊ ਦਾ ਕੰਮ ਹਾੜੀ ਦੀ ਫਸਲ ਕਣਕ ਦੇ ਸਮੇਂ ਤੇ ਪਾ ਦਿੱਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਕਸਬਾ ਭੁਲੱਥ ਅੰਦਰ ਲਗਾਤਾਰ ਹੋ ਬਾਰਿਸ਼ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ ਕਸਬੇ ਦੀਆਂ ਗਲੀਆਂ ਨਾਲੀਆਂ ਪਾਣੀ ਨਾਲ ਭਰੀਆਂ ਪਈਆਂ ਹਨ ਜਿਸ ਨਾਲ ਆਮ ਰਾਹੀਆਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ ਹੁਣ ਤਾਂ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹਰ ਰੋਜ਼ ਗੁਰੂਘਰਾਂ ’ਚ ਹੋ ਰਹੀ ਕੁਦਰਤ ਦੀ ਇਸ ਕਰੋਪੀ ਤੋਂ ਹਰ ਵਰਗ ਮਨੁੱਖ ਪਸ਼ੂ ਪੰਛੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।