ਦਿਨ-ਦਿਹਾੜੇ ਲੜਕੀ ਦੇ ਗਲੇ ’ਚੋਂ ਸੋਨੇ ਦੀ ਚੇਨ ਲਾਹੀ
ਜਾਸੰ, ਕਪੂਰਥਲਾ : ਮੁਹੱਲਾ
Publish Date: Sat, 07 Mar 2026 09:39 PM (IST)
Updated Date: Sat, 07 Mar 2026 09:42 PM (IST)
ਜਾਸੰ, ਕਪੂਰਥਲਾ : ਮੁਹੱਲਾ ਜੱਟਪੁਰਾ ’ਚ ਐਕਟਿਵਾ ’ਤੇ ਜਾ ਰਹੀ ਇਕ ਲੜਕੀ ਨਾਲ ਦਿਨ-ਦਿਹਾੜੇ ਦੋ ਨਕਾਬਪੋਸ਼ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੇੜੇ ਲੱਗੇ ਸੀਸੀਟੀਵੀ ’ਚ ਵੀ ਕੈਦ ਹੋ ਗਈ ਹੈ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਪੀੜਤ ਲੜਕੀ ਕ੍ਰਿਸ਼ਮਾ ਵਰਮਾ ਨੇ ਦਸਿਆ ਕਿ ਸ਼ਾਮ ਲਗਪਗ 4.30 ਵਜੇ ਉਹ ਆਪਣੀ ਮਾਂ ਦੀ ਦਵਾਈ ਲੈਣ ਲਈ ਗਈ ਸੀ। ਦਵਾਈ ਲੈ ਕੇ ਜਦ ਉਹ ਆਪਣੇ ਕੰਮ ’ਤੇ ਵਾਪਸ ਜਾ ਰਹੀ ਸੀ ਤਾਂ ਮੁਹੱਲਾ ਜੱਟਪੁਰਾ ’ਚ ਇਕ ਆਟਾ ਚੱਕੀ ਦੇ ਨੇੜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਲੜਕੀ ਨੇ ਦੱਸਿਆ ਕਿ ਦੋਵੇਂ ਝਪਟਮਾਰਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਉੱਧਰ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਖੇਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਝਪਟਮਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।