ਯਾਤਰੀਆਂ ਲਈ 40ਵੀਂ ਠੰਢੇ ਜਲ ਦੀ ਸੇਵਾ ਭਲਕੇ ਤੋਂ
ਜਨਤਾ ਸੇਵਾ ਸੰਮਤੀ ਵਲੋਂ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਲਈ 40ਵੀਂ ਠੰਡੇ ਜਲ ਦੀ ਸੇਵਾ 3 ਮਈ ਤੋਂ - ਵਿਪਨ ਖੁਰਾਨਾ
Publish Date: Fri, 01 May 2026 08:29 PM (IST)
Updated Date: Fri, 01 May 2026 08:32 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜਨਤਾ ਸੇਵਾ ਸੰਮਤੀ ਵੱਲੋਂ ਭਾਈ ਘਨਈਆ ਜੀ ਦੀ ਸੇਵਾ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਗਰਮੀ ਦੇ ਮੌਸਮ ਵਿੱਚ ਰੇਲ ਯਾਤਰੀਆਂ ਲਈ ਠੰਢੇ ਜਲ ਦੀ 40ਵੀਂ ਸੇਵਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਐਤਵਾਰ 3 ਮਈ ਨੂੰ ਦੁਪਹਿਰ 1 ਵਜੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਨੇ ਦੱਸਿਆ ਕਿ ਉਦਘਾਟਨ ਮੌਕੇ ਸੰਜੀਵ ਕੁਮਾਰ ਡੀਆਰਐੱਸ ਰੇਲਵੇ ਫਿਰੋਜ਼ਪੁਰ, ਬਸੰਤ ਕੁਮਾਰ ਸੀਨੀਅਰ ਡੀਸੀਐੱਮ ਅਤੇ ਕੁਲਵੰਤ ਰਾਏ ਪੱਬੀ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਖਾਸ ਤੌਰ ’ਤੇ ਹਾਜ਼ਰ ਰਹਿਣਗੇ। ਇਸ ਤੋਂ ਬਾਅਦ ਦੁਪਹਿਰ 2 ਵਜੇ ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ 40 ਸਾਲਾਂ ਤੋਂ ਮਰੀਜ਼ਾਂ ਨੂੰ ਦੁੱਧ ਵੰਡਣ ਦੀ ਸੇਵਾ ਵੀ ਨਿਭਾਈ ਜਾਵੇਗੀ। ਵਿਪਨ ਖੁਰਾਣਾ ਨੇ ਦੱਸਿਆ ਕਿ ਇਹ ਸੇਵਾ ਸਮੂਹ ਫਗਵਾੜਾ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਸਾਲ ਸਫਲਤਾਪੂਰਵਕ ਨਿਭਾਈ ਜਾਂਦੀ ਹੈ ਅਤੇ ਦਾਨੀ ਸੱਜਣ ਸਹਿਯੋਗ ਲਈ ਸੰਮਤੀ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ, ਸਮਾਜ ਸੇਵਕ ਮੋਹਨ ਲਾਲ ਤਨੇਜਾ ਅਤੇ ਸੁਧਾ ਬੇਦੀ ਆਦਿ ਹਾਜ਼ਰ ਸਨ।