ਸ਼ੂਗਰ ਦੇ ਮਰੀਜ਼ਾਂ ਲਈ ਫਲਾਂ ਦੀ ਸਹੀ ਚੋਣ ਜ਼ਰੂਰੀ : ਡਾ. ਕਲੇਰ
ਗਰਮੀ ’ਚ ਸ਼ੂਗਰ ਦੇ ਮਰੀਜ਼ਾਂ ਲਈ ਫਲਾਂ ਦੀ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ : ਡਾ. ਕੁਲਦੀਪ ਕਲੇਰ
Publish Date: Thu, 07 May 2026 08:03 PM (IST)
Updated Date: Thu, 07 May 2026 08:05 PM (IST)

ਗਰਮੀ ਦੇ ਮੌਸਮ ਦੌਰਾਨ ਸ਼ੂਗਰ ਦੇ ਮਰੀਜ਼ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਫਲ ਖਾ ਕੇ ਆਪਣੀ ਸਿਹਤ ਸੰਭਾਲ ਸਕਦੇ ਹਨ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਗਰਮੀ ਦੇ ਮੌਸਮ ਵਿਚ ਜਿਥੇ ਆਮ ਲੋਕਾਂ ਲਈ ਤਾਜ਼ੇ ਫਲ ਤੰਦਰੁਸਤੀ ਦਾ ਵਧੀਆ ਸਰੋਤ ਹੁੰਦੇ ਹਨ, ਉਥੇ ਹੀ ਸ਼ੂਗਰ ਦੇ ਮਰੀਜ਼ਾਂ ਲਈ ਫਲਾਂ ਦੀ ਚੋਣ ਸੋਚ-ਵਿਚਾਰ ਕੇ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਮਾਹਰ ਡਾਕਟਰਾਂ ਦੇ ਅਨੁਸਾਰ ਗਲਤ ਫਲਾਂ ਦੀ ਚੋਣ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ, ਜਦਕਿ ਸਹੀ ਫਲ ਸਰੀਰ ਨੂੰ ਠੰਢਕ ਤੇ ਪੋਸ਼ਣ ਦੋਵੇਂ ਪ੍ਰਦਾਨ ਕਰਦੇ ਹਨ। ਡਾ. ਕੁਲਦੀਪ ਕਲੇਰ ਐੱਮਬੀਬੀਐੱਸ, ਐੱਮਡੀ, ਐਕਸ ਪੀਜੀਆਈ ਚੰਡੀਗੜ੍ਹ (ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਰ ਦੀ ਰਾਏ ਮੁਤਾਬਕ ਗਰਮੀਆਂ ਵਿਚ ਸ਼ੂਗਰ ਮਰੀਜ਼ਾਂ ਨੂੰ ਉਹ ਫਲ ਖਾਣੇ ਚਾਹੀਦੇ ਹਨ, ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਸ ਵਿਚ ਸੇਬ, ਨਾਸ਼ਪਾਤੀ, ਜਾਮੁਨ, ਕੀਵੀ, ਅਮਰੂਦ ਤੇ ਸੰਤਰਾ ਵਰਗੇ ਫਲ ਸ਼ਾਮਲ ਹਨ। ਖਾਸ ਕਰਕੇ ਜਾਮੁਨ ਨੂੰ ਸ਼ੂਗਰ ਮਰੀਜ਼ਾਂ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਡਾ. ਕਲੇਰ ਦਾ ਕਹਿਣਾ ਹੈ ਕਿ ਤਰਬੂਜ਼ ਤੇ ਖਰਬੂਜ਼ਾ ਵੀ ਸੀਮਿਤ ਮਾਤਰਾ ਵਿਚ ਖਾਧੇ ਜਾ ਸਕਦੇ ਹਨ, ਪਰ ਇਸਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿਚ ਕੁਦਰਤੀ ਸ਼ੂਗਰ ਮੌਜੂਦ ਹੁੰਦੀ ਹੈ। ਦੂਜੇ ਪਾਸੇ ਡਾ. ਕਲੇਰ ਵੱਲੋਂ ਅੰਬ, ਅੰਗੂਰ, ਚੀਕੂ, ਕੇਲਾ ਤੇ ਲੀਚੀ ਵਰਗੇ ਮਿੱਠੇ ਫਲਾਂ ਨੂੰ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ, ਕਿਉਂਕਿ ਇਹ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ। ਡਾ. ਕੁਲਦੀਪ ਕਲੇਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਫਲਾਂ ਦਾ ਰਸ ਪੀਣ ਦੀ ਬਜਾਏ ਪੂਰਾ ਫਲ ਖਾਧਾ ਜਾਵੇ, ਕਿਉਂਕਿ ਜੂਸ ਵਿਚ ਫਾਈਬਰ ਘੱਟ ਹੋਣ ਕਾਰਨ ਸ਼ੂਗਰ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ। ਇਸ ਤੋਂ ਇਲਾਵਾ ਇਕ ਸਮੇਂ ਵਿਚ ਘੱਟ ਮਾਤਰਾ ਵਿਚ ਫਲ ਖਾਣਾ ਤੇ ਡਾਕਟਰ ਦੀ ਸਲਾਹ ਅਨੁਸਾਰ ਡਾਇਟ ਫਾਲੋ ਕਰਨੀ ਚਾਹੀਦੀ ਹੈ। ਸਿਹਤ ਵਿਦਵਾਨਾਂ ਦੇ ਅਨੁਸਾਰ ਸਹੀ ਫਲਾਂ ਦੀ ਚੋਣ ਤੇ ਸੰਤੁਲਿਤ ਮਾਤਰਾ ਨਾਲ ਗਰਮੀ ਦੇ ਮੌਸਮ ਵਿਚ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਮਿਲ ਸਕਦੇ ਹਨ।