ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਜੀਐੱਮ ਨਾਲ ਕੀਤੀ ਮੀਟਿੰਗ
ਆਰਸੀਐਫ ਇੰਪਲਾਈਜ਼ ਯੂਨੀਅਨ ਅਤੇ ਜੀਐਮ ਵਿਚਕਾਰ ਹੋਈ ਜਾਣ-ਪਛਾਣ ਮੀਟਿੰਗ
Publish Date: Tue, 21 Apr 2026 08:17 PM (IST)
Updated Date: Tue, 21 Apr 2026 08:22 PM (IST)

--ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਆਰਸੀਐੱਫ ਦੇ ਵਿਕਾਸ ‘ਤੇ ਹੋਇਆ ਵਿਚਾਰ-ਵਟਾਂਦਰਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਵਿਚ ਅੱਜ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਸਿਰਮੌਰ ਆਗੂਆਂ ਤੇ ਜਨਰਲ ਮੈਨੇਜਰ ਅਜੈ ਨੰਦਨ ਦਰਮਿਆਨ ਇਕ ਮਹੱਤਵਪੂਰਨ ਜਾਣ-ਪਛਾਣ ਮੀਟਿੰਗ ਹੋਈ। ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦਾ ਮੁੱਖ ਉਦੇਸ਼ ਪ੍ਰਸ਼ਾਸਨ ਤੇ ਕਰਮਚਾਰੀਆਂ ਵਿਚਕਾਰ ਤਾਲਮੇਲ ਬਣਾਉਣਾ ਤੇ ਫੈਕਟਰੀ ਦੀ ਤਰੱਕੀ ਨਾਲ ਕਰਮਚਾਰੀਆਂ ਦੇ ਹਿੱਤਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਕਰਨਾ ਸੀ। ਇਹ ਮੀਟਿੰਗ ਬਹੁਤ ਹੀ ਸਕਾਰਾਤਮਕ ਰਹੀ, ਜਿਸ ਵਿਚ ਜੀਐੱਮ ਸਾਹਿਬ ਨੇ ਯੂਨੀਅਨ ਵੱਲੋਂ ਉਠਾਏ ਹਰ ਮਸਲੇ ਨੂੰ ਗੰਭੀਰਤਾ ਨਾਲ ਸੁਣਿਆ। ਮੀਟਿੰਗ ਦੌਰਾਨ ਯੂਨੀਅਨ ਨੇ ਆਰਸੀਐੱਫ ਦੀ ਕਾਰਗੁਜ਼ਾਰੀ ਵਧਾਉਣ ਤੇ ਕਰਮਚਾਰੀਆਂ ਦਾ ਮਨੋਬਲ ਉੱਚਾ ਕਰਨ ਲਈ ਕਈ ਅਹਿਮ ਮੰਗਾਂ ਰੱਖੀਆਂ। ਸਭ ਤੋਂ ਵੱਡਾ ਮੁੱਦਾ ਫੈਕਟਰੀ ਵਿਚ ਖਾਲੀ ਪਈਆਂ ਲਗਪਗ 1700 ਅਸਾਮੀਆਂ ਨੂੰ ਭਰਨ ਦਾ ਸੀ, ਕਿਉਂਕਿ ਇਸ ਕਾਰਨ ਮੌਜੂਦਾ ਕਰਮਚਾਰੀਆਂ ‘ਤੇ ਕੰਮ ਦਾ ਬੋਝ ਵੱਧ ਰਿਹਾ ਹੈ। ਇਸ ਦੇ ਨਾਲ ਹੀ ਤਰੱਕੀਆਂ ਵਿਚ ਹੋ ਰਹੀ ਬੇਵਜ੍ਹਾ ਦੇਰੀ ‘ਤੇ ਵੀ ਚਿੰਤਾ ਜਤਾਈ ਗਈ ਤੇ ਇਸਨੂੰ ਜਲਦੀ ਸੁਧਾਰਨ ਦੀ ਮੰਗ ਕੀਤੀ ਗਈ। ਫਰਨਿਸ਼ਿੰਗ ਸ਼ਾਪ ਦੇ ਕੰਮਕਾਜ ਸਬੰਧੀ ਵੀ ਵਿਸਥਾਰ ਨਾਲ ਚਰਚਾ ਹੋਈ, ਜਿਸ ਵਿਚ ਸਮੇਂ ਸਿਰ ਮਟੀਰੀਅਲ ਦੀ ਉਪਲਬਧਤਾ, ਸ਼ਾਪ ਦੀ ਖਰਾਬ ਸਫ਼ਾਈ ਪ੍ਰਬੰਧਨ ਤੇ ਕਰਮਚਾਰੀਆਂ ਦੇ ਇਨਸੈਂਟਿਵ ਨਾਲ ਜੁੜੇ ਮੁੱਦੇ ਮੁੱਖ ਤੌਰ ‘ਤੇ ਉਠਾਏ ਗਏ। ਇਸ ਦੇ ਨਾਲ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪੀਪੀਈ ਕਿੱਟ ਦੀ ਗੁਣਵੱਤਾ ਤੇ ਉਪਲਬਧਤਾ ਦਾ ਮੁੱਦਾ ਵੀ ਜ਼ੋਰ ਨਾਲ ਰੱਖਿਆ ਗਿਆ। ਕਰਮਚਾਰੀ ਭਲਾਈ ਦੇ ਨਾਲ-ਨਾਲ ਰਹਾਇਸ਼ੀ ਕਾਲੋਨੀ ਦੀਆਂ ਸਮੱਸਿਆਵਾਂ‘ਤੇ ਵੀ ਖਾਸ ਧਿਆਨ ਦਿਵਾਇਆ ਗਿਆ। ਯੂਨੀਅਨ ਨੇ ਦੱਸਿਆ ਕਿ ਸਿਵਲ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਆਰਸੀਐੱਫ ਦੇ ਕਈ ਕੁਆਰਟਰ ਲੰਮੇ ਸਮੇਂ ਤੋਂ “ਅੰਡਰ ਮੇਂਟੇਨੈਂਸ” ਰੱਖੇ ਗਏ ਹਨ, ਜਿਸ ਨਾਲ ਕਰਮਚਾਰੀਆਂ ਨੂੰ ਰਹਿਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਨੂੰ ਵੀ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਸਿਵਲ ਵਿਭਾਗ ਤੇ ਹਸਪਤਾਲ ਤੋਂ ਕਰਮਚਾਰੀਆਂ ਨੂੰ ਵਰਕਸ਼ਾਪ ਵਿਚ ਤਬਦੀਲ ਕਰਨ ਨਾਲ ਜੁੜੀਆਂ ਨੀਤੀਆਂ ਤੇ ਕਾਲੋਨੀ ਵਿਚ ਆਵਾਰਾ ਕੁੱਤਿਆਂ ਦੇ ਵਧਦੇ ਖਤਰੇ ਕਾਰਨ ਨਿਵਾਸੀਆਂ ਨੂੰ ਹੋ ਰਹੀਆਂ ਸਮੱਸਿਆਵਾਂ ‘ਤੇ ਵੀ ਵਿਚਾਰ ਕੀਤਾ ਗਿਆ। ਜੀਐੱਮ ਅਜੈ ਨੰਦਨ ਨੇ ਯੂਨੀਅਨ ਦੇ ਸਾਰੇ ਪ੍ਰਤੀਨਿਧੀਆਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਭ ਸਮੱਸਿਆਵਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ, ਤਾਂ ਜੋ ਆਰਸੀਐੱਫ ਦਾ ਉਤਪਾਦਨ ਟਾਰਗੇਟ ਵੀ ਪੂਰਾ ਹੋਵੇ ਤੇ ਕਰਮਚਾਰੀਆਂ ਨੂੰ ਵਧੀਆ ਕੰਮਕਾਜ ਦਾ ਮਾਹੌਲ ਮਿਲ ਸਕੇ। ਇਸ ਮੌਕੇ ਜਨਰਲ ਸਕੱਤਰ ਸਰਵਜੀਤ ਸਿੰਘ, ਪ੍ਰਧਾਨ ਅਮਰੀਕ ਸਿੰਘ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਜੁਆਇੰਟ ਸਕੱਤਰ ਜਸਪਾਲ ਸਿੰਘ ਸੇਖੋਂ ਅਤੇ ਚੇਅਰਮੈਨ ਦਰਸ਼ਨ ਲਾਲ ਸ਼ਾਮਲ ਰਹੇ। ਇਸ ਤੋਂ ਇਲਾਵਾ ਡੈਲੀਗੇਸ਼ਨ ਵਿਚ ਬਚਿੱਤਰ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ, ਬਲਦੇਵ ਰਾਜ, ਅਰਵਿੰਦ ਕੁਮਾਰ ਸਾਹ, ਤ੍ਰਿਲੋਚਨ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਤਲਵਿੰਦਰ ਸਿੰਘ, ਇੰਦਰਜੀਤ ਕੌਰ ਅਤੇ ਸਾਕੇਤ ਕੁਮਾਰ ਵਰਗੇ ਸੀਨੀਅਰ ਆਗੂ ਵੀ ਮੌਜੂਦ ਸਨ, ਜਿਨ੍ਹਾਂ ਨੇ ਕਰਮਚਾਰੀਆਂ ਦੇ ਹੱਕਾਂ ਦੀ ਜ਼ੋਰਦਾਰ ਵਕਾਲਤ ਕੀਤੀ।