ਮਿੱਠੜਾ ਕਾਲਜ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Tue, 10 Mar 2026 08:26 PM (IST)
Updated Date: Tue, 10 Mar 2026 08:27 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਆਈਆਈਸੀ ਗਤੀਵਿਧੀਆਂ ਦੇ ਤਹਿਤ ਤੇ ਐੱਨਐੱਸਐੱਸ ਵਿਭਾਗ ਵੱਲੋਂ ਡਾਇਰੈਕਟਰ ਯੂਥ ਸਰਵਿਸਿਜ਼, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਸਮਾਜ ਵਿਚ ਮਹਿਲਾਵਾਂ ਦੀ ਭੂਮਿਕਾ ਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵਿਦਿਆਰਥਣਾਂ ਵੱਲੋਂ ਲੋਕ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਰਾਹੀਂ ਮਹਿਲਾ ਸ਼ਕਤੀ, ਸਨਮਾਨ ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਗਿਆ। ਵਿਦਿਆਰਥਣਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਮਨੋਰੰਜਕ ਬਣਾਇਆ। ਇਨ੍ਹਾਂ ਮੁਕਾਬਲਿਆਂ ਵਿਚ ਸਿਮਰਨਜੀਤ ਕੌਰ, ਬੀਕਾਮ ਸਮੈਸਟਰ ਚੌਥਾ ਨੇ ਪਹਿਲਾ, ਸਿਮਰਨਜੀਤ ਕੌਰ ਬੀਏ ਸਮੈਸਟਰ ਪਹਿਲਾ ਨੇ ਦੂਜਾ ਤੇ ਨਵਦੀਪ ਕੌਰ ਬੀਐੱਸਸੀ ਸਮੈਸਟਰ ਚੌਥਾ ਨੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦੀ ਸਮਾਜਿਕ, ਆਰਥਿਕ ਤੇ ਸਿੱਖਿਆਤਮਕ ਤਰੱਕੀ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦੀ ਭਾਗੀਦਾਰੀ ਤੋਂ ਬਿਨਾਂ ਕਿਸੇ ਵੀ ਸਮਾਜ ਦਾ ਵਿਕਾਸ ਸੰਭਵ ਨਹੀਂ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਹਿਲਾਵਾਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਨ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਜਾਗਰੂਕਤਾ ਫੈਲਾਉਣ ਦਾ ਮਹੱਤਵਪੂਰਨ ਦਿਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਸਮਾਜ ਵਿਚ ਮਹਿਲਾਵਾਂ ਪ੍ਰਤੀ ਸਨਮਾਨ ਅਤੇ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ। ਸਮਾਗਮ ਦੇ ਅੰਤ ਵਿਚ ਐੱਨਐੱਸਐੱਸ ਕੋ-ਆਰਡੀਨੇਟਰ ਡਾ. ਪਰਮਜੀਤ ਕੌਰ, ਮੁਖੀ ਸਾਇੰਸ ਵਿਭਾਗ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਾਲਜ ਦੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।