ਸੀਨੀਅਰ ਸਿਟੀਜ਼ਨ ਤੇ ਸਕੂਲੀ ਬੱਚਿਆਂ ਲਈ ਇੰਟਰਜੈਨਰੇਸ਼ਨਲ ਬਾਂਡਿੰਗ ਕੈਂਪ ਲਗਾਇਆ
ਸੀਨੀਅਰ ਸਿਟੀਜ਼ਨ ਅਤੇ ਸਕੂਲੀ ਬੱਚਿਆਂ ਲਈ ਇੰਟਰਜਨਰੇਸ਼ਨਲ ਬਾਂਡਿੰਗ ਕੈਂਪ ਲਗਾਇਆ
Publish Date: Fri, 06 Mar 2026 09:45 PM (IST)
Updated Date: Fri, 06 Mar 2026 09:48 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਪੂਰਥਲਾ ਦੀ ਯੋਗ ਅਗਵਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰ, ਸ਼ਾਹਜਹਾਂਪੁਰ, ਲਖਵਰਿਆਂ, ਹੈਬਤਪੁਰ, ਬੂਸੋਵਾਲ ਵਿਖੇ “ਸੀਨੀਅਰ ਸਿਟੀਜ਼ਨ ਤੇ ਸਕੂਲੀ ਬੱਚਿਆਂ ਲਈ ਇੰਟਰਜੈਨਰੇਸ਼ਨਲ ਬਾਂਡਿੰਗ ਕੈਂਪ ਸਫਲਤਾ ਪੂਰਵਕ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਨਾਗਰਿਕਾਂ ਤੇ ਨੌਜਵਾਨ ਪੀੜ੍ਹੀ ਵਿਚਕਾਰ ਪਿਆਰ, ਸਨਮਾਨ ਤੇ ਆਪਸੀ ਸਮਝ ਨੂੰ ਮਜ਼ਬੂਤ ਕਰਨਾ ਸੀ। ਕੈਂਪ ਦੌਰਾਨ ਵੱਖ-ਵੱਖ ਰਚਨਾਤਮਕ ਤੇ ਮਨੋਰੰਜਕ ਗਤੀਵਿਧੀਆਂ ਤੇ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਵੇਂ ਕਿ ਟੀਮ ਬਿਲਡਿੰਗ ਗੇਮਜ਼, ਕਹਾਣੀ ਸੈਸ਼ਨ ਤੇ ਸੰਗੀਤ ਪ੍ਰਸਤੁਤੀਆਂ ਆਦਿ। ਸੀਨੀਅਰ ਸਿਟੀਜ਼ਨ ਨੇ ਆਪਣੇ ਜੀਵਨ ਅਨੁਭਵ ਸਾਂਝੇ ਕੀਤੇ, ਜਿਸ ਨਾਲ ਬੱਚਿਆਂ ਨੂੰ ਪ੍ਰੇਰਣਾ ਮਿਲੀ ਤੇ ਉਨ੍ਹਾਂ ਵਿਚ ਵੱਡਿਆਂ ਪ੍ਰਤੀ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਈ। ਇਸ ਦੌਰਾਨ ਦੋਵਾਂ ਪੀੜ੍ਹੀਆਂ ਨੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ, ਜਿਸ ਨਾਲ ਆਪਸੀ ਸਹਿਯੋਗ ਤੇ ਸਮਝ ਵਿਚ ਵਾਧਾ ਹੋਇਆ। ਹਾਜ਼ਰ ਰਹੇ ਮਹਿਮਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਪੀੜ੍ਹੀ ਦਰ ਪੀੜ੍ਹੀ ਸਾਂਝ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਸਮਾਜ ਵਿਚ ਸਾਂਝ ਤੇ ਸਹਿਯੋਗ ਦੀ ਭਾਵਨਾ ਹੋਰ ਵਧੇ। ਇਸ ਮੌਕੇ ਸੁਪਰਵਾਈਜ਼ਰ ਜੀਵਨ ਜੋਤੀ, ਕੁਲਜਿੰਦਰ ਕੌਰ, ਕਨੁਪ੍ਰੀਆ, ਮਿਸ ਸਹਿਜਪ੍ਰੀਤ ਕੌਰ, ਆਂਗਨਵਾੜੀ ਵਰਕਰ ਤੇ ਹੈਲਪਰ, ਸਕੂਲ ਅਧਿਆਪਕ ਤੇ ਬੱਚੇ ਹਾਜ਼ਰ ਸਨ।