ਸਾਇੰਸ ਸਿਟੀ ਨੇ ਬੌਧਿਕ ਸੰਪਦਾ ’ਤੇ ਸੈਮੀਨਾਰ ਕਰਵਾਇਆ
ਬੌਧਿਕ ਸੰਪਦਾ ਦਾ ਆਧਿਕਾਰ ਨਵੀਨ ਵਿਚਾਰਾਂ ਤੇ ਯੁਗਤਾਂ ਦਾ ਸੁਰੱਖਿਆ ਗਾਰਡ
Publish Date: Mon, 27 Apr 2026 06:42 PM (IST)
Updated Date: Mon, 27 Apr 2026 06:46 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ ਬੌਧਿਕ ਸੰਪਦਾ ਦਿਵਸ ਦੇ ਮੌਕੇ ‘ਤੇ ਇਸ ਵਾਰ ਦੇ ਥੀਮ “ਬੌਧਿਕ ਸੰਪਦਾ ਤੇ ਖੇਡਾਂ ਇਕ ਨਵੀਂ ਸੋਚ” ਦੇ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਖੇਡ ਉਦਯੋਗ ਵਿਚ ਨਵਨੀਤਾ ਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਬੌਧਿਕ ਸੰਪਦਾ ਦੇ ਅਧਿਕਾਰ ਉਪਰ ਚਾਨਣਾ ਪਾਇਆ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 200 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਬੌਧਿਕ ਸੰਪਦਾ ਦੇ ਅਧਿਕਾਰ ਦੇ ਮੁੱਢਲੇ ਉਦੇਸ਼ ‘ਤੇ ਜ਼ੋਰ ਦਿੰਦਿਆ ਕਿਹਾ ਕਿ ਇਹ ਅਧਿਕਾਰ ਨੌਜਵਾਨਾਂ ਵਿਚ ਨਵੀਨਤਾ ਤੇ ਰਚਨਾਤਮਿਕਤਾ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਦਾ ਅਧਿਕਾਰ ਰਚਨਾਕਾਰਾਂ ਤੇ ਖੋਜਕਾਰਾਂ ਦੇ ਕੰਮ ਨੂੰ ਮਾਨਤਾ ਤੇ ਲਾਭ ਦਿੰਦਾ ਹੈ, ਜਿਸ ਨਾਲ ਉਹ ਆਪਣੀ ਜੀਵਿਕਾ ਕਮਾਉਣਾ ਦੇ ਸਮਰੱਥ ਬਣਦੇ ਹਨ। ਉਨ੍ਹਾਂ ਦੱਸਿਆ ਕਿ ਖੇਡਾਂ ਦੀਆਂ ਨਵੀਆਂ–ਨਵੀਆਂ ਤਕਨੀਕਾਂ ਤੋਂ ਲੈ ਕੇ ਅਧੁਨਿਕ ਉਪਕਰਣਾਂ, ਨਵੇਂ-ਨਵੇਂ ਡਿਜ਼ਾਇਨਾਂ ਤੇ ਬ੍ਰੈਂਡਾਂ ਤੱਕ ਖੇਡ ਸੱਭਿਆਚਾਰ ਨੂੰ ਆਧੁਨਿਕ ਦਿੱਖ ਦੇਣ ਵਿਚ ਬੌਧਿਕ ਸੰਪਦਾ ਅਧਿਕਾਰ ਅਹਿਮ ਭੂਮਿਕਾ ਨਿਭਾਉਂਦਾ ਹੈ, ਜੋ ਵਿਸ਼ਵ ਪੱਧਰ ‘ਤੇ ਲੋਕਾਂ ਨੂੰ ਆਪਸ ਵਿਚ ਜੋੜਦੀ ਤੇ ਪ੍ਰੇਰਿਤ ਕਰਦੀ ਹੈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਹਾਜ਼ਰ ਡਾ. ਹਰਿਕਰਨਦੀਪ ਕੌਰ ਸਹਾਇਕ ਪ੍ਰੋਫ਼ੈਸਰ, ਕਾਨੂੰਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੌਧਿਕ ਸੰਪਦਾ ਅਧਿਕਾਰ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਟਰੇਡ ਮਾਰਕ, ਕਾਪੀਰਾਈਟ ਤੇ ਵਿਅਕਤੀਗਤ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ। ਡਾ. ਹਰਿਕਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬੌਧਿਕ ਸੰਪਦਾ ਦਾ ਅਧਿਕਾਰ ਖੇਡਾਂ ਦੀ ਵਪਾਰਕ ਪੱਖੋਂ ਕਿਵੇਂ ਰੱਖਿਆ ਕਰਦਾ ਹੈ, ਜਿਸ ਦਾ ਖੇਡਾਂ ਨਾਲ ਜੁੜੇ ਲੋਕ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਵਿਦਿਆਰਥੀ ਆਪਣੀਆਂ ਯੁਗਤਾਂ ਤੇ ਵਿਚਾਰਾਂ ਨੂੰ ਬੌਧਿਕ ਸੰਪਦਾ ਦੇ ਅਧਿਕਾਰ ਰਾਹੀਂ ਕਿਵੇਂ ਸੁਰੱਖਿਅਤ ਰੱਖ ਸਕਦਾ ਹੈ ਭਾਵ ਪੇਟੈਂਟ ਕਿਸ ਤਰ੍ਹਾਂ ਫ਼ਾਈਲ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਪੇਂਟੈਂਟ ਦੀ ਪ੍ਰਕਿਰਿਆ ਇਕ ਨਵੀਂ ਖੋਜ ਤੇ ਉਸਦੇ ਲਾਭਾਂ ਦੀ ਪਛਾਣ ਨਾਲ ਸ਼ੁਰੂ ਹੁੰਦੀ ਹੈ ਤੇ ਇਸ ਤੋਂ ਬਾਅਦ ਅਸਲੀਅਤ ਨੂੰ ਯਕੀਨੀ ਬਣਾਉਣ ਲਈ ਮੌਜੂਦ ਤੱਥਾਂ ਦੀ ਅੱਗੋਂ ਖੋਜ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਕੌਰ ਨੇ ਪ੍ਰੇਖਣ, ਪ੍ਰਕਾਸ਼ਨੀ ਤੇ ਪ੍ਰਵਾਨਗੀ ਆਦਿ ਵੱਖ-ਵੱਖ ਪੜਾਵਾਂ ਤੋਂ ਜਾਣੂ ਕਰਵਾਉਂਦਿਆਂ ਖੋਜ ਦੇ ਕੰਮਾਂ ਵਿਚ ਸਰਗਮੀ ਨਾਲ ਭਾਗ ਲੈਣ ਲਈ ਕਿਹਾ ਅਤੇ ਬੌਧਿਕ ਸੰਪਦਾ ਅਧਿਕਾਰ ਰਾਹੀਂ ਆਪਣੇ ਵਿਚਾਰਾਂ ਨੂੰ ਸੁਰੱਖਿਅਤ ਕਰਦਿਆਂ ਪ੍ਰਭਾਵਸ਼ਾਲੀ ਹੱਲਾਂ ਵਿਚ ਤਬਦੀਲ ਕਰਨ ਲਈ ਪ੍ਰੇਰਿਤ ਕੀਤਾ।