ਅਧਿਆਪਕਾਂ ’ਤੇ ਪੁਲਿਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
ਅਧਿਆਪਕਾਂ ਦੀ ਸੇਵਾ ਸੁਰੱਖਿਆ ਦੀ ਬਜਾਏ ਪੁਲਿਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ
Publish Date: Tue, 17 Mar 2026 08:01 PM (IST)
Updated Date: Tue, 17 Mar 2026 08:04 PM (IST)

ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਪੰਜਾਬ ਭਰ ਵਿਚ ਅਧਿਆਪਕ ਜਥੇਬੰਦੀਆਂ ਵੱਲੋਂ ਤਹਿਸੀਲ ਪੱਧਰ ’ਤੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕਰਨ ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਪੂਰਥਲਾ ਵਿਚ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਭੁਲੱਥ ਵਿਖੇ ਪ੍ਰਦਰਸ਼ਨ ਕੀਤੇ ਗਏ। ਸਥਾਨਕ ਸ਼ਾਲਾਮਾਰ ਬਾਗ ਵਿਚ ਵੀ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ, ਡੈਮੋਕਰੇਟਿਕ ਟੀਚਰਜ਼ ਫਰੰਟ (ਦਿਗਵਿਜੇ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪਧਾਨ ਚਰਨਜੀਤ ਸਿੰਘ, ਡੈਮੋਕਰੇਟਿਕ ਟੀਚਰਜ਼ ਫਰੰਟ (ਵਿਕਰਮਦੇਵ) ਦੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ, ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਅਧਿਆਪਕ ਦਲ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਬਾਬਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਰਾਹੀਂ ਟੈੱਟ ਦੀ ਬਿਲਕੁਲ ਬੇਲੋੜੀ, ਗੈਰ-ਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵੱਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜ਼ਖ਼ਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ-ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਅਧਿਆਪਕਾਂ ਦੇ ਹਰ ਵਰਗ ’ਤੇ ਪੁਲਿਸੀਆ ਤਸ਼ੱਦਦ ਹੀ ਕੀਤਾ ਹੈ। ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ, ਤਨਖਾਹ ਦੁਹਰਾਈ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਮਿੱਟੀ-ਘੱਟੇ ’ਚ ਰਲਾ ਦਿੱਤੇ ਗਏ ਹਨ, ਸੋਧਣ ਦੇ ਨਾਂ ’ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ, ਸਕੂਲਾਂ ਵਿਚ ਅਧਿਆਪਕਾਂ ਦੀਆਂ ਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਸਰਕਾਰ ਵੱਲੋਂ ਖਜ਼ਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਤਰਸ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ’ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਪ੍ਰਦਰਸ਼ਨ ਵਿਚ ਜੀਟੀਯੂ ਆਗੂ ਗੁਰਮੇਜ ਸਿੰਘ ਤਲਵੰਡੀ, ਜੋਤੀ ਮਹਿੰਦਰੂ, ਜੈਮਲ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਦੀਪਕ ਅਨੰਦ, ਪੰਕਜ ਸਪਰਾ ਐੱਸਐੱਲਏ ਸਕੱਤਰ, ਅਸ਼ੀਸ਼ ਕੁਮਾਰ, ਸੁਖਜਿੰਦਰ ਢੋਲਣ, ਰਮੇਸ਼ ਭੇਟਾਂ, ਹਰਦੇਵ ਖਾਨੋਵਾਲ, ਮੈਡਮ ਸਤਵਿੰਦਰ ਕੌਰ, ਮੀਨਾਕਸ਼ੀ, ਮਨਪ੍ਰੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਸਤਵਿੰਦਰ ਕੌਰ ਆਦਿ ਹਾਜ਼ਰ ਸਨ।