ਸਫਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਠਵੇ ਦਿਨ ਵੀ ਜਾਰੀ
ਸਫਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਠਵੇ ਦਿਨ ਵੀ ਜਾਰੀ
Publish Date: Wed, 13 May 2026 08:14 PM (IST)
Updated Date: Wed, 13 May 2026 08:15 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਸਫ਼ਾਈ ਮਜ਼ਦੂਰਾਂ ਅਤੇ ਮਿਊਂਸੀਪਲ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਭਰ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਪੰਜਾਬ ਭਰ ਵਿੱਚ 6 ਮਈ ਤੋਂ ਸਫ਼ਾਈ ਕਰਮਚਾਰੀ ਅਤੇ ਮਿਊਂਸੀਪਲ ਕਾਮੇ ਹੜਤਾਲ ਉੱਤੇ ਚਲੇ ਗਏ ਹਨ। ਆਗੂਆਂ ਕਿਹਾ ਕਿ ਇਹ ਹੜਤਾਲ਼ ਸਾਡਾ ਕੋਈ ਸ਼ੌਕ ਨਹੀਂ ਮਜਬੂਰੀ ਹੈ ਕਿਉਕਿ ਪੰਜਾਬ ਦੇ 90 ਫ਼ੀਸਦੀ ਮੁਲਾਜ਼ਮ ਕੱਚੇ ਹਨ ਤੇ ਮਾਤਰ 10 ਹਜ਼ਾਰ ਨਿਗੂਣੀ ਤਨਖ਼ਾਹ ’ਤੇ ਕੰਮ ਕਰ ਰਹੇ ਹੈ। ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਭਗਵੰਤ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾਂ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ। ਉਸ ਵੇਲ਼ੇ ਮਾਣਯੋਗ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਵਿੱਚ ਕਿਸੇ ਨੂੰ ਵੀ ਧਰਨੇ, ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ, ਪਰ ਹੋ ਇਸ ਦੇ ਉਲਟ ਰਿਹਾ ਹੈ। ਆਗੂਆਂ ਕਿਹਾ ਕੇ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਰਾਹੀਆਂ ਦਿੱਤੀਆਂ ਜਾਣ, ਘੱਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਠੇਕੇਦਾਰੀ ਸਿਸਟਮ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ। ਮੀਟਿੰਗ ਦਾ ਸਮਾਂ ਦੇਕੇ ਮੁੱਕਰ ਜਾਂਦੀ ਹੈ, ਇਸ ਲਈ ਹੁਣ ਆਰ ਪਾਰ ਦੇ ਸੰਘਰਸ਼ ਦੀ ਅਸੀਂ ਤਿਆਰੀ ਕਰ ਲਈ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾਂ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ। ਇਸ ਮੌਕੇ ਸਫ਼ਾਈ ਮਜ਼ਦੂਰਾਂ ਦੇ ਆਗੂ ਪ੍ਰਧਾਨ ਧਰਮਵੀਰ, ਵੀਰੂ, ਰਾਧੇਸ਼ਾਮ, ਧਰਮਵੀਰ ਜੀਕੇ, ਗੌਰੀ ਲਾਲ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਚੀਦਾ ਆਦਿ ਨੇ ਸੰਬੋਧਨ ਕੀਤਾ।