ਯੂਰਿਕ ਐਸਿਡ ਵਧਣਾ ਸਿਹਤ ਲਈ ਖਤਰਾ : ਡਾ. ਪਰਹਾਰ
ਯੂਰਿਕ ਐਸਿਡ ਵਧਣਾ ਸਿਹਤ ਲਈ ਖਤਰਾ,ਡਾ: ਪਰਹਾਰ
Publish Date: Sat, 16 May 2026 06:36 PM (IST)
Updated Date: Sat, 16 May 2026 06:36 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੱਜਕੱਲ੍ਹ ਬਦਲ ਰਹੀ ਜੀਵਨ ਸ਼ੈਲੀ ਤੇ ਗਲਤ ਖਾਣ-ਪੀਣ ਕਾਰਨ ਯੂਰਿਕ ਐਸਿਡ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਜਾਣਕਾਰੀ ਦਿੰਦਿਆਂ ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਦਸਿਆ ਕਿ ਸਰੀਰ ਵਿਚ ਯੂਰਿਕ ਐਸਿਡ ਇਕ ਰਸਾਇਣਿਕ ਪਦਾਰਥ ਹੁੰਦਾ ਹੈ ਜੋ ਖਾਣੇ ਵਿਚ ਮੌਜੂਦ ਪਿਊਰੀਨ ਤੱਤ ਦੇ ਟੁੱਟਣ ਨਾਲ ਬਣਦਾ ਹੈ। ਆਮ ਤੌਰ ‘ਤੇ ਇਹ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ, ਪਰ ਜਦੋਂ ਇਹ ਜ਼ਿਆਦਾ ਬਣੇ ਜਾਂ ਬਾਹਰ ਨਾ ਨਿਕਲੇ ਤਾਂ ਖੂਨ ਵਿਚ ਇਸ ਦੀ ਮਾਤਰਾ ਵੱਧ ਜਾਂਦੀ ਹੈ। ਯੂਰਿਕ ਐਸਿਡ ਵਧਣ ਨਾਲ ਜੋੜਾਂ ਵਿਚ ਦਰਦ, ਸੋਜ਼ਸ਼, ਪੈਰਾਂ ਦੇ ਅੰਗੂਠੇ ਵਿਚ ਤੇਜ਼ ਦਰਦ ਤੇ ਗਠੀਆ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਤਲਿਆ ਹੋਇਆ ਖਾਣਾ, ਜੰਕ ਫੂਡ, ਜ਼ਿਆਦਾ ਮਿੱਠੀਆਂ ਚੀਜ਼ਾਂ ਤੇ ਬੇਹਿਸਾਬ ਮਾਸਾਹਾਰ ਖਾਣ ਤੋਂ ਬਚਣਾ ਚਾਹੀਦਾ ਹੈ। ਡਾ. ਬਸਰਾ ਤੇ ਡਾ. ਪਰਹਾਰ ਨੇ ਕਿਹਾ ਕਿ ਨਿਯਮਤ ਕਸਰਤ, ਵੱਧ ਪਾਣੀ ਪੀਣਾ ਤੇ ਸੰਤੁਲਿਤ ਖੁਰਾਕ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਸਮੇਂ-ਸਮੇਂ ‘ਤੇ ਸਿਹਤ ਜਾਂਚ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀ ਨੂੰ ਸ਼ੁਰੂ ਵਿਚ ਹੀ ਕਾਬੂ ਕੀਤਾ ਜਾ ਸਕੇ। ਵੱਧ ਤਲੀ ਹੋਈਆਂ ਚੀਜ਼ਾਂ, ਜੰਕ ਫੂਡ, ਲਾਲ ਮਾਸ ਤੇ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਵੱਧ ਪਾਣੀ ਪੀਣ ਨਾਲ ਸਰੀਰ ਵਿਚੋਂ ਵਿਅਰਥ ਤੱਤ ਬਾਹਰ ਨਿਕਲਦੇ ਹਨ ਤੇ ਯੂਰਿਕ ਐਸਿਡ ਕੰਟਰੋਲ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰੀਆਂ ਸਬਜ਼ੀਆਂ, ਫਲ, ਦਾਲਾਂ ਤੇ ਫਾਈਬਰ ਵਾਲਾ ਭੋਜਨ ਸਿਹਤ ਲਈ ਲਾਭਦਾਇਕ ਹੈ। ਨਿਯਮਤ ਤੌਰ ‘ਤੇ ਕਸਰਤ ਕਰਨ ਤੇ ਵਜ਼ਨ ਕਾਬੂ ਵਿਚ ਰੱਖਣ ਨਾਲ ਵੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਪੈਰਾਂ ਜਾਂ ਜੋੜਾਂ ਵਿਚ ਲਗਾਤਾਰ ਦਰਦ ਰਹੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਬਿਨਾਂ ਸਲਾਹ ਦਵਾਈ ਨਹੀਂ ਲੈਣੀ ਚਾਹੀਦੀ।