ਨਸ਼ੇ ਨੇ ਉਜਾੜਿਆ ਪਰ ਇਨਸਾਨੀਅਤ ਬਣੀ ਸਹਾਰਾ
ਪਿਛਲੇ ਦਿਨੀਂ ਨਸ਼ੇ ਨੇ ਉਜਾੜਿਆ ਸੀ ਪਰਿਵਾਰ, ਪਰ ਇਨਸਾਨੀਅਤ ਬਣੀ ਸਹਾਰਾ —
Publish Date: Tue, 19 May 2026 07:30 PM (IST)
Updated Date: Tue, 19 May 2026 07:30 PM (IST)

ਇੰਦਰਜੀਤ ਸਿੰਘ ਜੋਸਨ ਨੇ ਮਾਤਾ ਨੂੰ ਦਿੱਤੀ ਆਰਥਿਕ ਮਦਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਦੇ ਮਹੱਲਾ ਪੰਡੋਰੀ ਵਿਖੇ ਨਸ਼ੇ ਦੇ ਕਾਰਨ ਇਕ ਹੀ ਪਰਿਵਾਰ ਦੇ ਪੰਜ ਪੁੱਤਰਾਂ ਦੀ ਹੋਈ ਦਰਦਨਾਕ ਮੌਤ ਨੇ ਪੂਰੇ ਪੰਜਾਬ ਨੂੰ ਝਿੰਝੋੜ ਕੇ ਰੱਖ ਦਿੱਤਾ ਸੀ। ਇਸ ਦਿਲ ਦਹਲਾ ਦੇਣ ਵਾਲੀ ਘਟਨਾ ਤੋਂ ਬਾਅਦ ਜਿਥੇ ਹਰ ਪਾਸੇ ਦੁੱਖ ਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਸੀ, ਉਥੇ ਸਮਾਜ ਸੇਵਾ ਦੇ ਖੇਤਰ ਵਿਚ ਅੱਗੇ ਰਹਿਣ ਵਾਲੇ ਉੱਘੇ ਖੇਡ ਪ੍ਰਮੋਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜੋਸਨ ਵੱਲੋਂ ਇਸ ਦੁਖੀ ਪਰਿਵਾਰ ਦੀ ਬਾਂਹ ਫੜਦੇ ਹੋਏ ਮਨੁੱਖਤਾ ਦੀ ਇਕ ਵੱਡੀ ਮਿਸਾਲ ਪੇਸ਼ ਕੀਤੀ ਗਈ ਸੀ। ਇੰਦਰਜੀਤ ਸਿੰਘ ਜੋਸਨ ਵੱਲੋਂ ਉਸ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਪਰਿਵਾਰ ਨੂੰ ਇਕੱਲਾ ਨਹੀਂ ਛੱਡਣਗੇ ਤੇ ਹਰ ਮਹੀਨੇ ਘਰ ਦੇ ਜ਼ਰੂਰੀ ਖਰਚੇ, ਰਾਸ਼ਨ ਤੇ ਹੋਰ ਲੋੜਾਂ ਲਈ 5000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਆਪਣੇ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਅੱਜ ਉਨ੍ਹਾਂ ਵੱਲੋਂ ਮਈ ਮਹੀਨੇ ਦੀ 5000 ਰੁਪਏ ਦੀ ਸਹਾਇਤਾ ਰਕਮ ਉਸ ਦੁਖੀ ਮਾਤਾ ਨੂੰ ਸੌਂਪੀ ਗਈ। ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਅਨੇਕਾਂ ਘਰ ਉਜਾੜ ਦਿੱਤੇ ਹਨ ਤੇ ਇਹ ਪਰਿਵਾਰ ਉਸ ਦਰਦ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਕ ਮਾਂ ਵੱਲੋਂ ਆਪਣੇ ਪੰਜ ਪੁੱਤਰਾਂ ਨੂੰ ਗੁਆ ਦੇਣਾ ਸਿਰਫ ਇਕ ਪਰਿਵਾਰ ਦਾ ਨਹੀਂ, ਸਗੋਂ ਪੂਰੇ ਸਮਾਜ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਮਦਦ ਕਰਨਾ ਹਰ ਸਮਾਜ ਸੇਵੀ ਤੇ ਹਰ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਪਰਿਵਾਰ ਦੇ ਨਾਲ ਡੱਟ ਕੇ ਖੜ੍ਹੇ ਰਹਿਣਗੇ ਤੇ ਹਰ ਸੰਭਵ ਸਹਾਇਤਾ ਜਾਰੀ ਰੱਖਣਗੇ ਤਾਂ ਜੋ ਇਸ ਦੁਖੀ ਮਾਤਾ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪੰਜਾਬ ਸਰਕਾਰ ਤੇ ਸਮਾਜ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਵੱਡੀ ਲੜਾਈ ਲੜਨ ਦੀ ਲੋੜ ਹੈ ਤਾਂ ਜੋ ਹੋਰ ਕੋਈ ਮਾਂ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਨਾ ਗੁਆਵੇ। ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਸਮਾਜ ਸੇਵੀ ਤੇ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ। ਹਾਜ਼ਰ ਲੋਕਾਂ ਨੇ ਇੰਦਰਜੀਤ ਸਿੰਘ ਜੋਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸੇ ਦੁਖੀ ਪਰਿਵਾਰ ਦੇ ਨਾਲ ਖੜ੍ਹਨਾ ਸਭ ਤੋਂ ਵੱਡੀ ਮਨੁੱਖਤਾ ਹੈ। ਇਸ ਮਦਦ ਨਾਲ ਜਿਥੇ ਇਕ ਪਾਸੇ ਉਸ ਮਾਤਾ ਨੂੰ ਆਰਥਿਕ ਸਹਾਰਾ ਮਿਲਿਆ ਹੈ, ਉਥੇ ਹੀ ਸਮਾਜ ਵਿਚ ਇਹ ਸੰਦੇਸ਼ ਵੀ ਗਿਆ ਹੈ ਕਿ ਅਜੇ ਵੀ ਮਨੁੱਖਤਾ ਜ਼ਿੰਦਾ ਹੈ ਤੇ ਲੋਕ ਦੁੱਖ ਦੀ ਘੜੀ ਵਿਚ ਇਕ-ਦੂਜੇ ਦੇ ਨਾਲ ਖੜ੍ਹਨਾ ਜਾਣਦੇ ਹਨ।