ਪ੍ਰੇਗਾਬਾਲਮਿਨ ਕੈਪਸੂਲਾਂ ਦੀ ਗਲਤ ਵਰਤੋਂ ਸਿਹਤ ਲਈ ਖਤਰਨਾਕ : ਡਾ ਕੁਲਦੀਪ ਕਲੇਰ

ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਅੱਜ ਕੱਲ੍ਹ ਮੈਡੀਕਲ ਖੇਤਰ ਵਿੱਚ ਵਰਤੀ ਜਾਣ ਵਾਲੀ ਇੱਕ ਕੈਪਸੂਲ ਕਈ ਬਿਮਾਰੀਆਂ ਦੇ ਇਲਾਜ ਲਈ ਮਾਹਿਰ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਸ ਦਵਾਈ ਦੀ ਗਲਤ ਵਰਤੋਂ, ਖਾਸ ਕਰ ਕੇ ਨੌਜਵਾਨਾਂ ਵੱਲੋਂ ਰੋਜ਼ਾਨਾ ਨਸ਼ੇ ਦੀ ਪੂਰਤੀ ਲਈ ਵਰਤੇ ਜਾਣ ਕਾਰਨ ਲੋਕਾਂ ਵਿਚ ਚਿੰਤਾ ਹੋਰ ਵਧ ਰਹੀ ਹੈ। ਮਾਹਿਰ ਡਾਕਟਰਾਂ ਅਨੁਸਾਰ ਕੈਪਸੂਲ ਮੁੱਖ ਤੌਰ ’ਤੇ ਨਰਵਾਂ ਦੇ ਦਰਦ (ਨਿਊਰੋਪੈਥਿਕ ਪੇਨ), ਸ਼ੂਗਰ ਕਾਰਨ ਨਰਵਾਂ ਦੇ ਦਰਦ, ਕਮਰ ਜਾਂ ਸਪਾਈਨ ਨਾਲ ਜੁੜੇ ਦਰਦ, ਮਿਰਗੀ ਦੇ ਦੌਰਿਆਂ ਅਤੇ ਘਬਰਾਹਟ ਦੀ ਸਮੱਸਿਆ ਦੇ ਇਲਾਜ ਲਈ ਦਿੱਤੀ ਜਾਂਦੀ ਹੈ। ਇਹ ਦਵਾਈ ਦਿਮਾਗ ਅਤੇ ਨਰਵਾਂ ਦੇ ਸੰਕੇਤਾਂ ਨੂੰ ਕਾਬੂ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਦਰਦ ਅਤੇ ਦੌਰਿਆਂ ’ਤੇ ਕਾਬੂ ਪਾਇਆ ਜਾਂਦਾ ਹੈ। ਨੌਜਵਾਨਾਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੈਪਸੂਲਾਂ ਦੀ ਵੱਧ ਮਾਤਰਾ ਵਿੱਚ ਵਰਤੋਂ ਇੱਕ ਗੰਭੀਰ ਸਿਹਤ ਅਤੇ ਸਮਾਜਿਕ ਮੁੱਦਾ ਬਣ ਚੁੱਕਾ ਹੈ। ਇਸ ਸਬੰਧੀ ਵੱਖ-ਵੱਖ ਡਾਕਟਰਾਂ ਸਿਹਤ ਮਾਹਿਰਾਂ ਦੀ ਸਲਾਹ।
ਡਾ. ਕੁਲਦੀਪ ਕਲੇਰ ਐੱਮਬੀਬੀਐੱਸ ਐੱਮਡੀ ਸਕੈਨਿੰਗ ਮਾਹਿਰ ਐਕਸ ਪੀਜੀਆਈ ਚੰਡੀਗੜ੍ਹ ਨੇ ਦੱਸਿਆ ਕਿ ਇਹ ਦਵਾਈ ਸਿਰਫ਼ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਇਸ ਨੂੰ ਬਿਨਾਂ ਡਾਕਟਰੀ ਸਲਾਹ ਦੇ ਲੰਬੇ ਸਮੇਂ ਤੱਕ ਖਾਂਦਾ ਹੈ ਤਾਂ ਸਿਹਤ ’ਤੇ ਕਈ ਬੁਰੇ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਚੱਕਰ ਆਉਣਾ, ਬਹੁਤ ਜ਼ਿਆਦਾ ਨੀਂਦ ਆਉਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਵਜ਼ਨ ਵਧਣਾ, ਹੱਥ ਪੈਰਾਂ ਵਿੱਚ ਸੁਜਨ ਅਤੇ ਦਵਾਈ ਦੀ ਆਦਤ ਪੈ ਜਾਣੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਵਾਰ ਇਸ ਨੂੰ ਅਚਾਨਕ ਛੱਡਣ ਨਾਲ ਬੇਚੈਨੀ, ਘਬਰਾਹਟ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਡਾ. ਕਲੇਰ ਨੇ ਕਿਹਾ ਕਿ ਅੱਜ ਕੱਲ੍ਹ ਕੁਝ ਨੌਜਵਾਨ ਇਹ ਕੈਪਸੂਲ ਨਸ਼ੇ ਦੀ ਪੂਰਤੀ ਲਈ ਵੱਧ ਮਾਤਰਾ ਵਿੱਚ ਲੈ ਰਹੇ ਹਨ, ਜੋ ਕਿ ਸਿਹਤ ਲਈ ਬਹੁਤ ਖਤਰਨਾਕ ਹੈ ਅਤੇ ਇਸ ਨਾਲ ਬੇਹੋਸ਼ੀ, ਦਿਮਾਗੀ ਕਾਰਗੁਜ਼ਾਰੀ ’ਤੇ ਬੁਰਾ ਅਸਰ, ਦਿਲ ਦੀ ਧੜਕਣ ਵਿੱਚ ਗੜਬੜ ਅਤੇ ਨਸ਼ੇ ਦੀ ਲਤ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਐਕਸੀਡੈਂਟ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦਵਾਈ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਵਰਤੀ ਜਾਵੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਡਾ. ਗੁਰਿੰਦਰ ਸਿੰਘ ਜੋਸਨ ਐੱਮਬੀਬੀਐੱਸ ਐੱਮਐੱਸ ਆਪ੍ਰੇਸ਼ਨਾਂ ਦੇ ਮਾਹਿਰ ਮੁਤਾਬਿਕ ਦਵਾਈ ਅਸਲ ਵਿੱਚ ਨਰਵ ਦਰਦ, ਐਂਜ਼ਾਇਟੀ ਅਤੇ ਮਿਰਗੀ ਦੇ ਇਲਾਜ ਲਈ ਵਰਤੀ ਜਾਂਦੀ ਹੈ, ਪਰ ਜਦੋਂ ਇਸ ਦਾ ਗਲਤ ਤਰੀਕੇ ਨਾਲ ਨਸ਼ੇ ਵਜੋਂ ਸੇਵਨ ਹੁੰਦਾ ਹੈ ਤਾਂ ਇਹ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵੱਧ ਮਾਤਰਾ ਨਾਲ ਚੱਕਰ ਆਉਣਾ, ਯਾਦਦਾਸ਼ਤ ਦੀ ਕਮੀ, ਨੀਂਦ ਦੀ ਅਤਿ, ਅਤੇ ਗੰਭੀਰ ਹਾਲਤ ਵਿੱਚ ਬੇਹੋਸ਼ੀ ਜਾਂ ਮੌਤ ਤੱਕ ਹੋ ਸਕਦੀ ਹੈ।
ਡਾ. ਦੀਪਕ ਮੋਦੀ ਐੱਮਡੀ ਐੱਮਐੱਨਏਐੱਮਐੱਸ ਐੱਫਸੀਸੀਪੀ ਸਾਹ, ਦਮੇ ਅਤੇ ਐਲਰਜੀ ਦੇ ਮਾਹਿਰ ਕਹਿੰਦੇ ਹਨ ਕਿ ਨੌਜਵਾਨ ਇਸ ਨਸ਼ੇ ਵੱਲ ਜ਼ਿਆਦਾ ਤਣਾਅ, ਬੇਰੁਜ਼ਗਾਰੀ ਅਤੇ ਸੰਗਤ ਦੇ ਪ੍ਰਭਾਵ ਕਾਰਨ ਵਧ ਰਹੇ ਹਨ। ਦਿਮਾਗ ਵਿੱਚ ਡੋਪਾਮੀਨ ਦੇ ਪ੍ਰਭਾਵ ਨੂੰ ਬਦਲਦਾ ਹੈ, ਜਿਸ ਨਾਲ ਆਦਤ ਬਣ ਜਾਣ ਦਾ ਖਤਰਾ ਵਧ ਜਾਂਦਾ ਹੈ। ਲੰਮੇ ਸਮੇਂ ਤੱਕ ਵਰਤੋਂ ਨਾਲ ਡਿਪ੍ਰੈਸ਼ਨ ਅਤੇ ਚਿੰਤਾ ਵਧਦੀ ਹੈ।
ਰੌਸ਼ਨ ਖੈੜਾ ਉੱਘੇ ਵਿਦਵਾਨ ਸ਼ਾਸ਼ਤਰੀ ਅਤੇ ਸਟੇਟ ਐਵਾਰਡੀ ਮੰਨਦੇ ਹਨ ਕਿ ਸਕੂਲਾਂ ਵਿੱਚ ਬੱਚਿਆਂ ਦੀ ਫਿਜੀਕਲ ਐਕਟੀਵਿਟੀ ਨਾਂ ਹੋਣ ਕਾਰਨ ਅਤੇ ਸਕੂਲਾਂ ਵਿੱਚ ਸਰੀਰਕ ਟੀਚਰਾਂ ਦੀ ਕਮੀਂ ਹੋਣ ਕਾਰਨ ਅਤੇ ਨੌਜਵਾਨ ਵਲੋ ਘਰਾਂ ਅੰਦਰ ਵਿਹਲੇ ਰਹਿਣ ਕਾਰਨ ਅਤੇ ਨਸ਼ਿਆਂ ਦੀ ਆਸਾਨ ਉਪਲਬਧਤਾ ਅਤੇ ਨਿਗਰਾਨੀ ਦੀ ਘਾਟ ਕਾਰਨ ਇਹ ਸਮੱਸਿਆ ਗੰਭੀਰ ਹੋ ਰਹੀ ਹੈ। ਪਿੰਡਾਂ ਅਤੇ ਸ਼ਹਿਰਾਂ ਦੋਵਾਂ ਵਿੱਚ ਨੌਜਵਾਨ ਇਸ ਨੂੰ ‘ਸਸਤਾ ਨਸ਼ਾ’ ਸਮਝ ਕੇ ਵਰਤ ਰਹੇ ਹਨ, ਜੋ ਕਿ ਭਵਿੱਖ ਲਈ ਖ਼ਤਰਨਾਕ ਸੰਕੇਤ ਹੈ।
ਜਗਦੇਵ ਸਿੰਘ ਕਾਹਲੋਂ ਸਕੂਲ ਮੁਖੀ ਸਰਕਾਰੀ ਮਿਡਲ ਸਮਾਰਟ ਸਕੂਲ ਕਬੀਰ ਪੁਰ ਅਨੁਸਾਰ ਸਕੂਲ-ਕਾਲਜ ਪੱਧਰ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਦੀ ਕਮੀ ਹੈ। ਜੇਕਰ ਵਿਦਿਆਰਥੀਆਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਜਾਵੇ ਤਾਂ ਇਸ ਬੁਰਾਈ ਨੂੰ ਰੋਕਿਆ ਜਾ ਸਕਦਾ ਹੈ।
ਸੀਨੀਅਰ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦਾ ਕਹਿਣਾ ਹੈ ਕਿ ਕੈਪਸੂਲਾਂ ਦੀ ਬਿਨਾਂ ਡਾਕਟਰੀ ਸਲਾਹ ਦੇ ਵਿਕਰੀ ’ਤੇ ਸਖ਼ਤ ਪਾਬੰਦੀ ਅਤੇ ਕਾਰਵਾਈ ਹੋਣੀ ਚਾਹੀਦੀ ਹੈ। ਨਸ਼ੇ ਦੀ ਰੋਕਥਾਮ ਲਈ ਦਵਾਈਆਂ ਦੀ ਵਿਕਰੀ ’ਤੇ ਨਿਗਰਾਨੀ ਅਤੇ ਕਾਨੂੰਨੀ ਕਾਰਵਾਈ ਲਾਜ਼ਮੀ ਹੈ। ਬੁੱਧੀਜੀਵੀਆਂ ਦਾ ਸਾਂਝਾ ਮਤ ਹੈ ਕਿ ਦਿਮਾਗੀ ਅਤੇ ਨਰਵਸ ਸਿਸਟਮ ਨੂੰ ਨੁਕਸਾਨ,ਯਾਦਦਾਸ਼ਤ ਤੇ ਧਿਆਨ ਵਿੱਚ ਕਮੀ ਅਤੇ ਰੋਜ਼ਾਨਾ ਆਦਤ (ਐਡਿਕਸ਼ਨ) ਬਣ ਜਾਣਾ ਡਿਪ੍ਰੈਸ਼ਨ ਅਤੇ ਮਨੋਵਿਗਿਆਨਕ ਬਿਮਾਰੀਆਂ ਸਰੀਰਕ ਕਮਜ਼ੋਰੀ ਅਤੇ ਮੌਤ ਦਾ ਖਤਰਾ ਬਣ ਸਕਦਾ ਹੈ ਇਸ ਲਈ ਜੇਕਰ ਸਮਾਜ, ਸਰਕਾਰ ਅਤੇ ਪਰਿਵਾਰ ਮਿਲ ਕੇ ਨੌਜਵਾਨਾਂ ਨੂੰ ਇਸ ਸਬੰਧੀ ਜਾਗਰੂਕ ਨਾ ਕੀਤਾ ਗਿਆ ਤਾਂ ਵਰਗੀਆਂ ਦਵਾਈਆਂ ਦਾ ਗਲਤ ਇਸਤੇਮਾਲ ਇੱਕ ਵੱਡੀ ਮਹਾਮਾਰੀ ਦਾ ਰੂਪ ਧਾਰ ਸਕਦਾ ਹੈ। ਇਸ ਲਈ ਜਾਗਰੂਕਤਾ, ਸਖ਼ਤ ਕਾਨੂੰਨੀ ਨਿਗਰਾਨੀ ਅਤੇ ਮਨੋਵਿਗਿਆਨਕ ਸਹਾਇਤਾ ਦੀ ਲੋੜ ਹੈ।