ਪੁਰਾਣੀ ਪੈਨਸ਼ਨ ਬਹਾਲੀ ਲਈ ਮੀਟਿੰਗ ’ਚ ਕੀਤੀ ਚਰਚਾ
ਪੁਰਾਣੀ ਪੈਨਸ਼ਨ ਬਹਾਲੀ ਲਈ ਦਿੱਲੀ ਵਿੱਚ ‘ਫਰੰਟ ਅਗੇਂਸਟ ਐਨ.ਪੀ.ਐਸ. ਇਨ ਰੇਲਵੇ’ ਦੀ ਅਹਿਮ ਮੀਟਿੰਗ
Publish Date: Sun, 10 May 2026 07:31 PM (IST)
Updated Date: Sun, 10 May 2026 07:33 PM (IST)

--‘ਫਰੰਟ ਅਗੇਂਸਟ ਐੱਨਪੀਐੱਸ ਇਨ ਰੇਲਵੇ’ ਦੀ ਨੇ ਕੀਤੀ ਅਹਿਮ ਮੀਟਿੰਗ -6 ਸਤੰਬਰ ਨੂੰ ਲਖਨਊ ’ਚ ਹੋਵੇਗਾ ਰਾਸ਼ਟਰੀ ਸੰਮੇਲਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਨਵੀਂ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਚਾਰੂ ਭਵਨ ਵਿਚ ਫਰੰਟ ਅਗੇਂਸਟ ਐੱਨਪੀਐੱਸ ਇਨ ਰੇਲਵੇ ਦੀ ਇਕ ਬਹੁਤ ਹੀ ਮਹੱਤਵਪੂਰਨ ਕਾਰਜਕਾਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਪ੍ਰਧਾਨ ਅਮਰੀਕ ਸਿੰਘ ਨੇ ਕੀਤੀ। ਮੀਟਿੰਗ ਵਿਚ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਤੇ ਐਕਟੂ ਦੇ ਜਨਰਲ ਸਕੱਤਰ ਰਾਜੀਵ ਡਿਮਰੀ ਵਿਸ਼ੇਸ਼ ਤੌਰ ਤੇ ਨਿਗਰਾਨ ਵਜੋਂ ਹਾਜ਼ਰ ਹੋਏ। ਮੀਟਿੰਗ ਦੌਰਾਨ ਜਥੇਬੰਦੀ ਦੀ ਮਜ਼ਬੂਤੀ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਨੂੰ ਤੇਜ਼ ਕਰਨ ਤੇ ਗੰਭੀਰ ਚਰਚਾ ਕੀਤੀ ਗਈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਵਧੀਕ ਜਨਰਲ ਸਕੱਤਰ ਭਰਤ ਰਾਜ ਸਮੇਤ ਵੱਖ-ਵੱਖ ਜ਼ੋਨਾਂ ਤੋਂ ਆਏ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਹਰੀਕੇਸ਼ ਰਾਏਬਰੇਲੀ, ਯੋਗਿੰਦਰ ਯਾਦਵ ਮਾਡਰਨ ਕੋਚ ਫੈਕਟਰੀ ਰਾਏਬਰੇਲੀ, ਲੋਕੇਸ਼ ਮੀਣਾ ਪੱਛਮੀ ਮੱਧ ਰੇਲਵੇ ਕੋਟਾ, ਸ਼ਿਵ ਸ਼ੰਕਰ ਸਿੰਘ ਨੌਰਥ ਈਸਟਰਨ ਰੇਲਵੇ ਵਾਰਾਣਸੀ, ਸਰੋਜ ਕੁਮਾਰ ਸਿੰਘ ਬਨਾਰਸ ਰੇਲ ਇੰਜਣ ਕਾਰਖਾਨਾ ਵਾਰਾਣਸੀ, ਮਹੇਸ਼ ਕੁਮਾਰ ਮੀਣਾ ਨੌਰਦਰਨ ਰੇਲਵੇ ਦਿੱਲੀ, ਜਿਤੇਂਦਰ ਸਿੰਘ ਪਟਿਆਲਾ ਰੇਲ ਇੰਜਣ ਕਾਰਖਾਨਾ ਪਟਿਆਲਾ ਤੇ ਸਰਬਜੀਤ ਸਿੰਘ ਰੇਲ ਕੋਚ ਫੈਕਟਰੀ ਕਪੂਰਥਲਾ ਪ੍ਰਮੁੱਖ ਸਨ। ਮੀਟਿੰਗ ਵਿਚ ਜਥੇਬੰਦੀ ਦੇ ਭਵਿੱਖ ਦੀ ਰੂਪ-ਰੇਖਾ ਤੈਅ ਕਰਦਿਆਂ ਕਈ ਫੈਸਲੇ ਲਏ ਗਏ। ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫਰੰਟ ਅਗੇਂਸਟ ਐੱਨਪੀਐੱਸ ਇਨ ਰੇਲਵੇ ਹੁਣ ਪੂਰੀ ਤਰ੍ਹਾਂ ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਤੇ ਜ਼ੋਨਲ ਯੂਨੀਅਨਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀਆਂ ਗਤੀਵਿਧੀਆਂ ਚਲਾਏਗਾ। ਜਥੇਬੰਦੀ ਨੂੰ ਪ੍ਰਸ਼ਾਸਨਿਕ ਤੌਰ ਤੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅਗਲੇ ਸੱਤ ਦਿਨਾਂ ਦੇ ਅੰਦਰ ਇਕ ਵਰਚੁਅਲ ਮੀਟਿੰਗ ਬੁਲਾਈ ਜਾਵੇਗੀ। ਇਸ ਦੇ ਨਾਲ ਹੀ ਇਕ ਮਹੀਨੇ ਦੇ ਅੰਦਰ ਸਾਰੇ ਰੇਲਵੇ ਜ਼ੋਨਾਂ ਵਿਚ ਫਰੰਟ ਦੀ ਨਵੀਂ ਕਾਰਜਕਾਰਨੀ ਦਾ ਗਠਨ ਯਕੀਨੀ ਬਣਾਇਆ ਜਾਵੇਗਾ। ਜਥੇਬੰਦੀ ਦੀ ਨਿਰੰਤਰਤਾ ਬਣਾਈ ਰੱਖਣ ਲਈ ਇਹ ਤੈਅ ਹੋਇਆ ਕਿ ਹਰ ਮਹੀਨੇ ਵਰਚੁਅਲ ਤੇ ਹਰ ਤਿੰਨ ਮਹੀਨੇ ਬਾਅਦ ਇਕ ਵਾਰ ਆਫਲਾਈਨ ਮੀਟਿੰਗ ਲਾਜ਼ਮੀ ਤੌਰ ਤੇ ਕੀਤੀ ਜਾਵੇਗੀ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਨਰਲ ਸਕੱਤਰ ਦੀ ਗੈਰ-ਹਾਜ਼ਰੀ ਵਿਚ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਕਟਿੰਗ ਜਨਰਲ ਸਕੱਤਰ ਤੇ ਐਕਟਿੰਗ ਖਜ਼ਾਨਚੀ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਕਰਦਿਆਂ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ 6 ਸਤੰਬਰ ਨੂੰ ਲਖਨਊ ਵਿਚ ਫਰੰਟ ਦਾ ਵੱਡਾ ਰਾਸ਼ਟਰੀ ਸੰਮੇਲਨ ਕਰਵਾਇਆ ਜਾਵੇਗਾ, ਜੋ ਦੇਸ਼ ਭਰ ਦੇ ਰੇਲ ਮੁਲਾਜ਼ਮਾਂ ਨੂੰ ਇਕਜੁੱਟ ਕਰਨ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ। ਮੀਟਿੰਗ ਵਿਚ ਸਾਰੇ ਜ਼ੋਨਾਂ ਲਈ ਵਿਸ਼ੇਸ਼ ਆਰਗੇਨਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ, ਜੋ ਖੇਤਰੀ ਪੱਧਰ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਹੋਰ ਤੇਜ਼ ਕਰਨਗੇ। ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਜਥੇਬੰਦੀ ਦਾ ਇਕੋ-ਇੱਕ ਟੀਚਾ ਐੱਨਪੀਐੱਸ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣਾ ਹੈ ਤੇ ਇਸ ਲਈ ਰੇਲ ਮੁਲਾਜ਼ਮ ਕਿਸੇ ਵੀ ਵੱਡੇ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ। ਜਿਨ੍ਹਾਂ ਜ਼ੋਨਾਂ ਦੇ ਨੁਮਾਇੰਦੇ ਕਿਸੇ ਖਾਸ ਕਾਰਨਾਂ ਕਰਕੇ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨੇ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਜਥੇਬੰਦੀ ਦੇ ਫੈਸਲਿਆਂ ਦਾ ਪੂਰਾ ਸਮਰਥਨ ਕੀਤਾ ਹੈ।