ਪੰਜਾਬੀ ਜਾਗਰਣ ਦੀ ਖ਼ਬਰ ਦਾ ਅਸਰ: ਬੰਦ ਰੇਲਵੇ ਫਾਟਕ ਖੁੱਲ੍ਹੇ, ਲੋਕ ਖੁਸ਼
ਪੰਜਾਬੀ ਜਾਗਰਣ ਦੀ ਖ਼ਬਰ ਦਾ ਅਸਰ: ਬੰਦ ਰੇਲਵੇ ਫਾਟਕ ਖੁੱਲ੍ਹੇ, ਲੋਕਾਂ ਨੇ ਲਿਆ ਸੁੱਖ ਦਾ ਸਾਹ
Publish Date: Mon, 23 Feb 2026 09:33 PM (IST)
Updated Date: Mon, 23 Feb 2026 09:37 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਰੇਲਵੇ ਸਟੇਸ਼ਨ ਡਡਵਿੰਡੀ ਨੇੜੇ ਫਾਟਕ ਨੰਬਰ ਐੱਸ-40/ਈ-3 ਮੋਠਾਂਵਾਲਾ ਰੋਡ ਤੇ ਫਾਟਕ ਨੰਬਰ 41 ਤਾਸਪੁਰ ਰੋਡ ਉੱਤੇ ਰੇਲਵੇ ਪੱਟੜੀ ਦੀ ਮੁਰੰਮਤ ਕਾਰਨ 703-ਏ ਮਾਰਗ ਦੇ ਦੋਵੇਂ ਫਾਟਕ ਪਿਛਲੇ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਬੰਦ ਰਹੇ। ਇਸ ਕਾਰਨ ਇਲਾਕੇ ਦੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਬੰਧੀ “ਰੇਲਵੇ ਫਾਟਕਾਂ ਦੇ ਲੰਬੇ ਸਮੇਂ ਤੋਂ ਬੰਦ ਰਹਿਣ ਕਾਰਨ ਲੋਕ ਪਰੇਸ਼ਾਨ” ਸਿਰਲੇਖ ਹੇਠ ਪੰਜਾਬੀ ਜਾਗਰਣ ਵੱਲੋਂ ਪ੍ਰਕਾਸ਼ਿਤ ਖ਼ਬਰ ਦਾ ਅਸਰ ਹੋਇਆ ਤੇ ਰੇਲਵੇ ਵਿਭਾਗ ਹਰਕਤ ਵਿਚ ਆਇਆ। ਵਿਭਾਗ ਵੱਲੋਂ ਮੋਠਾਂਵਾਲਾ ਰੋਡ ਵਾਲਾ ਇਕ ਫਾਟਕ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਰੇਲਵੇ ਮੁਲਾਜ਼ਮਾਂ ਮੁਤਾਬਕ ਤਾਸਪੁਰ ਰੋਡ ਵਾਲੇ ਦੂਜੇ ਫਾਟਕ ਦੀ ਮੁਰੰਮਤ ਵੀ ਜਲਦੀ ਮੁਕੰਮਲ ਕਰਕੇ ਉਸਨੂੰ ਵੀ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਫਾਟਕਾਂ ਰਾਹੀਂ ਡਡਵਿੰਡੀ, ਮੋਠਾਂਵਾਲਾ, ਲਾਟੀਆਂ ਵਾਲ, ਸੇਚਾਂ, ਤਾਸਪੁਰ, ਸਿੱਧਵਾਂ ਦੋਨਾ, ਕੂਲਰਾਂ, ਕਾਲਾ ਸੰਘਿਆਂ, ਤੋਤੀ, ਮਨੀਆਲਾ, ਰਾਮਪੁਰ ਜਗੀਰ, ਲੋਹੀਆਂ ਅਤੇ ਹੋਰ ਆਸ-ਪਾਸ ਦੇ ਪਿੰਡਾਂ ਦੇ ਵਸਨੀਕ, ਵਿਦਿਆਰਥੀ, ਕਿਸਾਨ ਤੇ ਦਫ਼ਤਰੀ ਕਰਮਚਾਰੀ ਰੋਜ਼ਾਨਾ ਗੁਜ਼ਰਦੇ ਹਨ। ਫਾਟਕ ਬੰਦ ਹੋਣ ਕਰਕੇ ਉਨ੍ਹਾਂ ਨੂੰ ਕਈ ਕਿਲੋਮੀਟਰ ਲੰਮਾ ਚੱਕਰ ਲਗਾ ਕੇ ਜਾਣਾ ਪੈ ਰਿਹਾ ਸੀ, ਜਿਸ ਨਾਲ ਸਮੇਂ ਤੇ ਈਂਧਣ ਦੀ ਬਰਬਾਦੀ ਦੇ ਨਾਲ-ਨਾਲ ਖੱਜਲ-ਖੁਆਰੀ ਵੀ ਝੱਲਣੀ ਪੈਂਦੀ ਸੀ। ਇਲਾਕਾ ਵਾਸੀਆਂ ਨੇ ਪੰਜਾਬੀ ਜਾਗਰਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਦੀ ਦਖ਼ਲਅੰਦਾਜ਼ੀ ਨਾਲ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਿਕਲਿਆ ਹੈ। ਉਨ੍ਹਾਂ ਨੇ ਸਬੰਧਤ ਰੇਲਵੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਤਾਸਪੁਰ ਰੋਡ ਵਾਲੇ ਫਾਟਕ ਦੀ ਮੁਰੰਮਤ ਦਾ ਕੰਮ ਵੀ ਜਲਦੀ ਪੂਰਾ ਕਰਕੇ ਉਸਨੂੰ ਆਵਾਜਾਈ ਲਈ ਖੋਲ੍ਹਿਆ ਜਾਵੇ, ਤਾਂ ਜੋ ਆਮ ਜਨਤਾ ਨੂੰ ਹੋ ਰਹੀਆਂ ਮੁਸ਼ਕਿਲਾਂ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਸਕੇ।