ਗਰਦਨ ’ਚ ਕੋਈ ਗੰਢ ਨਜ਼ਰ ਆਉਣ ’ਤੇ ਤੁਰੰਤ ਜਾਂਚ ਕਰਵਾਓ
ਗਰਦਨ ਵਿੱਚ ਕੋਈ ਵੀ ਅਸਧਾਰਣ ਗੰਢ ਜਾਂ ਲੱਛਣ ਨਜ਼ਰ ਆਉਣ ‘ਤੇ ਤੁਰੰਤ ਜਾਂਚ ਕਰਵਾਈ ਜਾਵੇ
Publish Date: Tue, 24 Feb 2026 07:21 PM (IST)
Updated Date: Tue, 24 Feb 2026 07:25 PM (IST)

--ਥਾਇਰਾਇਡ ਦੀ ਤੇਜੀ ਨਾਲ ਵੱਧ ਰਹੀ ਬਿਮਾਰੀ ਬਾਰੇ ਡਾਕਟਰਾਂ ਨਾਲ ਕੀਤੀ ਵਿਚਾਰ ਚਰਚਾ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਕੱਲ੍ਹ ਲੋਕਾਂ ਵਿਚ ਥਾਇਰਾਇਡ ਦੀ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰ ਗਰਦਨ ਵਿਚ ਗੰਢ ਜਾਂ ਸੋਜ਼ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜੋ ਭਵਿੱਖ ਵਿਚ ਗੰਭੀਰ ਰੂਪ ਧਾਰ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਦਨ ਵਿਚ ਕੋਈ ਵੀ ਅਸਧਾਰਣ ਗੰਢ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾਕਟਰਾਂ ਮੁਤਾਬਕ ਥਾਇਰਾਇਡ ਗਰਦਨ ਦੇ ਅਗਲੇ ਹਿੱਸੇ ਵਿਚ ਤਿਤਲੀ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜੋ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਘਰੇਲੂ ਨੁਸਖਿਆਂ ‘ਤੇ ਨਿਰਭਰ ਰਹਿਣ ਦੀ ਬਜਾਏ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ। ਸਮੇਂ ‘ਤੇ ਪਛਾਣ ਤੇ ਇਲਾਜ ਨਾਲ ਥਾਇਰਾਇਡ ਕੈਂਸਰ ਦਾ ਸਫਲ ਇਲਾਜ ਸੰਭਵ ਹੈ ਤੇ ਬਚਾਅ ਦਰ ਕਾਫ਼ੀ ਉੱਚੀ ਹੈ। ਖ਼ਾਸ ਕਰਕੇ ਔਰਤਾਂ ਲਈ ਨਿਯਮਿਤ ਸਿਹਤ ਜਾਂਚ ਬਹੁਤ ਜ਼ਰੂਰੀ ਹੈ। ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਗਰਦਨ ਵਿਚ ਕੋਈ ਵੀ ਅਸਧਾਰਣ ਗੰਢ ਜਾਂ ਲੱਛਣ ਨਜ਼ਰ ਆਉਣ ‘ਤੇ ਤੁਰੰਤ ਜਾਂਚ ਕਰਵਾਈ ਜਾਵੇ, ਤਾਂ ਜੋ ਬਿਮਾਰੀ ਦੀ ਸਹੀ ਪਛਾਣ ਕਰਕੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ। --ਥਾਇਰਾਇਡ ਮੁੱਖ ਤੌਰ ‘ਤੇ ਦੋ ਕਿਸਮਾਂ ਦਾ ਹੁੰਦਾ ਥਾਇਰਾਇਡ ਦੇ ਆਮ ਲੱਛਣ ਬਾਰੇ ਜਾਣਕਾਰੀ ਦਿੰਦਿਆਂ ਡਾ. ਦੀਪਕ ਮੋਦੀ (ਦਮਾ, ਸਾਹ, ਐਲਰਜੀ ਤੇ ਛਾਤੀ ਦੇ ਰੋਗਾਂ ਦੇ ਮਾਹਿਰ) ਨੇ ਦੱਸਿਆ ਕਿ ਥਾਇਰਾਇਡ ਦੀ ਬਿਮਾਰੀ ਮੁੱਖ ਤੌਰ ‘ਤੇ ਦੋ ਕਿਸਮਾਂ ਦੀ ਹੁੰਦੀ ਹੈ। --ਹਾਈਪਰਥਾਇਰਾਇਡ : ਇਸ ’ਚ ਦਿਲ ਦੀ ਧੜਕਣ ਤੇਜ਼ ਹੋਣਾ, ਘਬਰਾਹਟ, ਪਸੀਨਾ ਵੱਧ ਆਉਣਾ, ਭੁੱਖ ਵੱਧ ਹੋਣ ਦੇ ਬਾਵਜੂਦ ਵਜ਼ਨ ਘਟਣਾ ਤੇ ਨੀਂਦ ਦੀ ਕਮੀ ਆਦਿ ਲੱਛਣ ਨਜ਼ਰ ਆ ਸਕਦੇ ਹਨ। --ਹਾਈਪੋਥਾਇਰਾਇਡ : ਥਕਾਵਟ, ਸੁਸਤੀ, ਵਜ਼ਨ ਵਧਣਾ, ਠੰਢ ਜ਼ਿਆਦਾ ਲੱਗਣਾ, ਵਾਲਾਂ ਦਾ ਝੜਨਾ ਤੇ ਚਿਹਰੇ ਜਾਂ ਗਰਦਨ ਵਿਚ ਸੋਜ਼ ਆਉਣਾ ਇਸ ਦੇ ਆਮ ਲੱਛਣ ਹਨ । ਡਾ. ਮੋਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਗਰਦਨ ਵਿਚ ਗੰਢ ਜਾਂ ਸੋਜ਼ ਮਹਿਸੂਸ ਹੋਵੇ ਤਾਂ ਇਸਨੂੰ ਹਲਕੇ ਵਿਚ ਨਾ ਲਿਆ ਜਾਵੇ। --ਜ਼ਿਆਦਾਤਰ ਥਾਇਰਾਇਡ ਗੰਢਾਂ ਸਧਾਰਣ ਹੁੰਦੀਆਂ ਹਨ ਥਾਇਰਾਇਡ ਦੀ ਗੰਢ ਤੇ ਕੈਂਸਰ ਦੀ ਗੰਢ ਵਿਚਕਾਰ ਫਰਕ ਬਾਰੇ ਜਾਣਕਾਰੀ ਦਿੰਦਿਆਂ ਡਾ. ਕੁਲਦੀਪ ਕਲੇਰ (ਐੱਮਬੀਬੀਐੱਸ, ਐੱਮਡੀ ਦਿਲ, ਸ਼ੂਗਰ ਤੇ ਸਕੈਨਿੰਗ ਮਾਹਿਰ, ਐਕਸ ਪੀਜੀਆਈ ਚੰਡੀਗੜ੍ਹ) ਨੇ ਕਿਹਾ ਹੈ ਕਿ ਜ਼ਿਆਦਾਤਰ ਥਾਇਰਾਇਡ ਗੰਢਾਂ ਸਧਾਰਣ (ਬਿਨਾਇਨ) ਹੁੰਦੀਆਂ ਹਨ ਤੇ ਖ਼ਤਰਨਾਕ ਨਹੀਂ ਹੁੰਦੀਆਂ, ਪਰ ਕੁਝ ਮਾਮਲਿਆਂ ਵਿਚ ਇਹ ਕੈਂਸਰ ਦਾ ਰੂਪ ਵੀ ਧਾਰ ਸਕਦੀਆਂ ਹਨ। --ਸਧਾਰਣ ਗੰਢ ਦੇ ਲੱਛਣ : ਗੰਢ ਦਾ ਹੌਲੀ-ਹੌਲੀ ਵਧਣਾ, ਦਰਦ ਨਾ ਹੋਣਾ, ਆਵਾਜ਼ ਵਿਚ ਵੱਡਾ ਬਦਲਾਅ ਨਾ ਆਉਣਾ ਤੇ ਖੂਨ ਦੀ ਜਾਂਚ ਆਮ ਹੋਣੀ। --ਕੈਂਸਰ ਵਾਲੀ ਗੰਢ ਦੇ ਸੰਕੇਤ : ਗੰਢ ਦਾ ਤੇਜ਼ੀ ਨਾਲ ਵਧਣਾ, ਗਰਦਨ ਵਿਚ ਸਖ਼ਤ ਗੰਢ, ਆਵਾਜ਼ ਭਾਰੀ ਹੋ ਜਾਣਾ, ਨਿਗਲਣ ਜਾਂ ਸਾਹ ਲੈਣ ਵਿਚ ਦਿੱਕਤ ਤੇ ਪਰਿਵਾਰ ਵਿਚ ਕੈਂਸਰ ਦੀ ਹਿਸਟਰੀ ਹੋਣਾ। ਥਾਇਰਾਇਡ ਲਈ ਲੋੜੀਂਦੀਆਂ ਜਾਂਚ ਡਾ. ਕੁਲਦੀਪ ਕਲੇਰ ਮੁਤਾਬਕ ਟੀ-ਥਰੀ, ਟੀ-ਫੋਰ ਤੇ ਟੀਐੱਸਐੱਚ ਖੂਨ ਦੀ ਜਾਂਚ, ਅਲਟਰਾ ਸਾਊਂਡ ਸਕੈਨਿੰਗ ਤੇ ਐੱਫਐੱਨਏਸੀ (ਫਾਈਨ ਨੀਡਲ ਐਸਪੀਰੇਸ਼ਨ ਸਾਈਟੋਲੋਜੀ) ਜਿਹੀਆਂ ਜਾਂਚਾਂ ਗੰਢ ਦੀ ਪ੍ਰਕਿਰਤੀ ਬਾਰੇ ਸਹੀ ਜਾਣਕਾਰੀ ਦਿੰਦੀਆਂ ਹਨ। ਉਹਨਾਂ ਕਿਹਾ ਕਿ ਜ਼ਰੂਰਤ ਪੈਣ ‘ਤੇ ਬਾਇਓਪਸੀ ਵੀ ਕਰਵਾਈ ਜਾਂਦੀ ਹੈ।