ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ : ਸੰਤ ਸੀਚੇਵਾਲ
ਜੇਕਰ ਅਸੀਂ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ‘ਚ ਪੈ ਜਾਵੇਗਾ-ਸੰਤ ਸੀਚੇਵਾਲ
Publish Date: Thu, 21 May 2026 07:37 PM (IST)
Updated Date: Thu, 21 May 2026 07:40 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ‘ਮਾਈ ਭਾਰਤ ਕਪੂਰਥਲਾ’ ਤੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਐੱਸਐੱਨਐੱਸ ਕ੍ਰਿਕੇਟ ਅਕੈਡਮੀ ਦਾ ਉਦਘਾਟਨ ਟੀਡਬਲਯੂ੍ਯਈਆਈ (ਜੇਸੀਟੀ) ਸਕੂਲ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਵਰਿੰਦਰ ਭਾਟੀਆ ਤਹਿਸੀਲਦਾਰ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਪ੍ਰਿੰ. ਗੁਰਮੀਤ ਪਲਾਹੀ, ਪ੍ਰਿੰ. ਬਲਦੇਵ ਸਿੰਘ, ਪ੍ਰਿੰ. ਰਣਜੀਤ ਗੋਗਨਾ ਸਕੂਲ ਆਫ਼ ਐਂਮੀਨੈਂਸ, ਜਸਵੀਰ ਸਿੰਘ ਡੀਐੱਸਪੀ ਤੇ ਅਮਨਪ੍ਰੀਤ ਕੌਰ ਐੱਸਐੱਚਓ ਸਿਟੀ ਹਾਜ਼ਰ ਰਹੇ। ਕ੍ਰਿਕੇਟ ਅਕੈਡਮੀ ਦਾ ਉਦਘਾਟਨ ਕਰਦਿਆਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਤਾਂ ਕਿ ਨੌਜਵਾਨ ਆਪਣੇ ਸੁਪਨਿਆਂ ਦੀ ਨਵੀਂ ਉਡਾਣ ਭਰ ਸਕਣ ਤੇ ਸਿਹਤਮੰਦ ਜੀਵਨ ਤੇ ਅਨੁਸਾਸ਼ਨ ਵੱਲ ਅੱਗੇ ਵੱਧ ਕੇ ਸਮਾਜ ਵਿਚ ਆਪਣੀ ਸਨਮਾਨਜਨਕ ਜਗ੍ਹਾ ਬਣਾ ਸਕਣ। ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨਾ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਵੇਗਾ। ਇਸ ਲਈ ਪ੍ਰਦੂਸ਼ਣ ਮੁੱਖ ਮਸਲਾ ਹੈ ਤੇ ਇਸ ਸਬੰਧੀ ਹਰ ਪੰਜਾਬੀ ਨੂੰ ਗੰਭੀਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪਵਿੱਤਰ ਕਾਲੀ ਵੇਈਂ ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬੇਈਂ ਨੂੰ ਸੁਲਤਾਨਪੁਰ ਲੋਧੀ ਵਿਖੇ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨਾ ਵੱਡੀ ਚੁਣੌਤੀ ਸੀ ਪਰ ਇਸ ਕਾਰਜ ਨੂੰ ਸੰਗਤ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਸਿਰੇ ਚਾੜ੍ਹਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਇਹੋ ਜਿਹੇ ਪ੍ਰਾਜੈਕਟਾਂ ’ਚ ਕਈ ਵਾਰ ਕਥਿਤ ਸਿਆਸਤਦਾਨ ਤੇ ਅਫ਼ਸਰਸ਼ਾਹ ਜਾਂ ਬਾਬੂਸ਼ਾਹੀ ਵੱਲੋਂ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇੱਛਾ ਸ਼ਕਤੀ ਨਾਲ ਉਨ੍ਹਾਂ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਿਰੇ ਲਾਇਆ। ਇਸ ਤੋਂ ਪਹਿਲਾਂ ਸਮਾਗਮ ‘ਚ ਪਹੁੰਚਣ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਭਾ ਦੇ ਮੈਂਬਰਾਂ ਤੇ ਸਕੂਲ ਸਟਾਫ਼ ਵੱਲੋਂ ਪੂਰੀ ਗਰਮਜੋਸ਼ੀ ਨਾਲ ਬੈਂਡ ਦੀਆਂ ਧੁਨਾਂ ’ਤੇ ਸਵਾਗਤ ਕੀਤਾ ਗਿਆ। ਉਪਰੰਤ ਉਨ੍ਹਾਂ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਭਾ ਦੀ ਨਵੀਂ ਬਿਲਡਿੰਗ ਸਰਬ ਸੇਵਾ ਸਦਨ ਵਿਖੇ ਸੋਲਰ ਸਿਸਟਮ ਲਗਾ ਕੇ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਕੈਡਮੀ ਮਾਈ ਭਾਰਤ ਕਪੂਰਥਲਾ ਤੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਆਰੰਭੀ ਗਈ ਹੈ ਤੇ ਇਸ ਦਾ ਮਕਸਦ ਸਿਰਫ਼ ਕ੍ਰਿਕੇਟ ਦੀ ਸਿਖਲਾਈ ਨਹੀਂ ਸਗੋਂ ਨੌਜਵਾਨਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨਾ ਵੀ ਹੈ। ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਸਰਬ ਨੌਜਵਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 8 ਸਾਲਾਂ ’ਚ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਨੂੰ ਸੋਸਵਾ ਚੰਡੀਗੜ੍ਹ, ਪੰਜਾਬ ਦੇ ਸਹਿਯੋਗ ਨਾਲ ਟੇਲਰਿੰਗ, ਕੰਪਿਊਟਰ, ਬਿਊਟੀਸ਼ਨ ਤੇ ਹੋਮ ਕੇਅਰ ਦੇ ਕੋਰਸਾਂ ਦੀ ਹੱਥੀ ਕਿੱਤਾ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰਤ ਕੀਤਾ ਗਿਆ ਹੈ। ਪ੍ਰਿੰ. ਬਲਦੇਵ ਸਿੰਘ ਨੇ ਖੇਡਾਂ ਪ੍ਰਤੀ ਆਪਣੀ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਟੀਡਬਲਯੂਈਆਈ ਸਕੂਲ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪੰਜਾਬ ’ਚ ਨੌਜਵਾਨ ਨੂੰ ਨਸ਼ਾ ਮੁਕਤੀ ਲਈ ਇਕੋ-ਇਕ ਰਾਹ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨਾ ਹੈ ਤੇ ਇਸ ਤੋਂ ਵੀ ਅੱਗੇ ਉਨ੍ਹਾਂ ’ਚ ਸਵੈ-ਵਿਸ਼ਵਾਸ਼ ਤੇ ਹਾਂ-ਪੱਖੀ ਵਿਚਾਰ ਭਰਨ ਦੀ ਲੋੜ ਹੈ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਕੂਲ ਕੈਂਪਸ ਵਿਚ ਬੂਟੇ ਲਗਾ ਕੇ ਸਰਬ ਨੌਜਵਾਨ ਸਭਾ ਦੇ ਇਸ ਵਰ੍ਹੇ ਦੇ ਪ੍ਰਜੈਕਟ ‘ਜਿੰਨੇ ਲਾਈਏ ਉਨੇ ਬਚਾਈਏ’ ਮੁਹਿੰਮ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਪ੍ਰਿਤਪਾਲ ਕੌਰ ਤੁੱਲੀ ਕੌਂਸਲਰ, ਡਾ. ਤੁਸ਼ਾਰ ਅੱਗਰਵਾਲ, ਐਡਵੋਕੇਟ ਰਜਨੀ ਬਾਲਾ ਲੀਗਲ ਸੈੱਲ, ਤਰਲੋਚਨ ਸਿੰਘ ਆਈਆਰਐੱਸ, ਕੋਚ ਮਨੋਹਰ ਸਿੰਘ ਤਲਵਾੜ, ਅਸ਼ੋਕ ਕੁਮਾਰ ਡੀਪੀ, ਜਸਪਾਲ ਸਿੰਘ ਚੀਮਾ, ਨੀਰਜ ਭੱਲਾ, ਕੁਲਦੀਪ ਜਸਵਾਲ, ਜਤਿੰਦਰ ਕੁਮਾਰ ਕਾਲੀ, ਸ਼ਸ਼ੀ ਭੂਸ਼ਣ ਕ੍ਰਿਕੇਟ ਖਿਡਾਰੀ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਜਗਜੀਤ ਸੇਠ, ਅਨੂਪ ਦੁੱਗਲ, ਰਣਜੀਤ ਸਿੰਘ ਬੇਦੀ, ਗੁਲਸ਼ਨ ਕਪੂਰ, ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਪਰਮਜੀਤ ਰਾਏ, ਸ਼ਿਵ ਕੁਮਾਰ, ਰਵੀ ਸਿੱਧੂ ਕੌਂਸਲਰ ਜੇਸੀਟੀ, ਘਣਸ਼ਾਮ, ਸੌਰਵ ਸੈਨ, ਅਨੀਤਾ ਰਾਣੀ ਕੌਂਸਲਰ, ਇੰਦਰਜੀਤ ਕੌਂਸਲਰ, ਮੱਖਣ ਸਿੰਘ, ਸੁਸ਼ੀਲ ਸ਼ਰਮਾ, ਦੇਸ ਰਾਜ ਪੀਟੀਆਈ, ਦੀਪਕ ਸਹਿਗਲ ਲੈਕਚਰਾਰ, ਪਵਨਦੀਪ ਡੀਪੀ, ਆਪ ਆਗੂ ਰਘਬੀਰ ਕੌਰ, ਜੋਤੀ, ਗੁਰਦੀਪ ਸਿੰਘ ਤੁਲੀ, ਬੋਬ ਸਿੰਘ ਗ੍ਰੋ-ਗ੍ਰੀਨ, ਮਦਨ ਲਾਲ ਕੋਰੋਟਾਨੀਆ, ਰਮਨ ਨਹਿਰਾ, ਸੁਖਦੇਵ ਲਾਡੀ ਤੋਂ ਇਲਾਵਾ ਸਰਬਰ ਗੁਲਾਮ ਸੱਬਾ, ਧਰਮਵੀਰ, ਯਸ਼ੂ ਬਾਲਾ, ਨਿਸ਼ਾ ਸ਼ਰਮਾ, ਰਸ਼ਮੀ ਕੁਮਾਰੀ, ਅਰਵਿੰਦ ਕੁਮਾਰ, ਵਜਿੰਦਰ ਸਿੰਘ, ਦੀਪਕ ਕੁਮਾਰ ਆਦਿ ਹਾਜ਼ਰ ਸਨ।